ਗੁਰਸੇਵਕ ਸਿੰਘ ਪ੍ਰੀਤ/ਜਸਵੀਰ ਸਿੰਘ ਭੁੱਲਰ
ਸ੍ਰੀ ਮੁਕਤਸਰ ਸਾਹਿਬ/ਦੋਦਾ, 7 ਸਤੰਬਰ
ਮੁਕਤਸਰ ਲਾਗਲੇ ਇੱਕ ਰਜਬਾਹੇ ਵਿੱਚ ਸਕੂਲ ਵੈਨ ਪਲਟਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਨੇ ਸਕੂਲ ਆਵਾਜਾਈ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਬੱਚਿਆਂ ਨਾਲ ਭਰੀ ਇਹ ਵੈਨ ਰਜਬਾਹੇ ਵਿੱਚ ਪਲਟ ਗਈ। ਉਸ ਵੇਲੇ ਰਜਬਾਹਾ ਪਾਣੀ ਨਾਲ ਭਰਿਆ ਸੀ ਪਰ ਰਜਬਾਹਾ ਬਹੁਤ ਛੋਟਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਦਾ ਪਤਾ ਲੱਗਦੇ ਸਾਰ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਵੈਨ ਵਿੱਚ ਸਵਾਰ ਕੁਝ ਬੱਚਿਆਂ ਅਤੇ ਅਧਿਆਪਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ਕਾਰਨ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਭਗਦੜ ਮੱਚ ਗਈ। ਇਹ ਮੁਕਤਸਰ ਦੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਾਇਆ ਥਾਂਦੇਵਾਲਾ ਲੈ ਕੇ ਆ ਰਹੀ ਸੀ। ਵੈਨ ਦੇ ਡਰਾਈਵਰ ਨੇ ਹਾਦਸੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀ ਦਿੱਤੀ ਪਰ ਵੈਨ ਵਿੱਚ ਸਵਾਰ ਬੱਚਿਆਂ ਨੇ ਕਿਹਾ ਕਿ ਵੈਨ ਦਾ ਸਟੇਅਰਿੰਗ ਅਚਾਨਕ ਫਰੀ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਮੌਕੇ ’ਤੇ ਪੁੱਜੇ ਕੁਝ ਕਿਸਾਨਾਂ ਨੇ ਹਾਦਸੇ ਲਈ ਰਜਬਾਹੇ ਦੇ ਕਿਨਾਰੇ ਖੜ੍ਹੇ ਝਾੜ ਬੂਝਿਆਂ ਨੂੰ ਜ਼ਿੰਮੇਵਾਰ ਦੱਸਿਆ, ਜਿਨ੍ਹਾਂ ਕਰਕੇ ਵਾਹਨ ਚਾਲਕਾਂ ਨੂੰ ਸਪੱਸ਼ਟ ਦਿਖਾਈ ਨਹੀਂ ਦਿੰਦਾ। ਇਸ ਦੌਰਾਨ ਵੈਨ ਵਿੱਚ ਸਵਾਰ ਬੱਚਿਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਸਤਾ ਹਾਲਤ ਵੈਨਾਂ ਨੂੰ ਜ਼ਬਤ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੈਪਸ਼ਨ: ਮੁਕਤਸਰ ਲਾਗੇ ਰਜਬਾਹੇ ਵਿੱਚ ਪਲਟੀ ਸਕੂਨੀ ਵੈਨ।