ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 22 ਜੁਲਾਈ
ਹਲਕੇ ’ਚ ਪੈਂਦਾ ਕਸਬਾ ਫੂਲ ਇਸ ਸਮੇਂ ਸੀਵਰੇਜ ਦੀ ਸਮੱਸਿਆ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਤੋਂ ਇਲਾਵਾ ਸਕੂਲ ਦੇ ਛੋਟੇ ਛੋਟੇ ਬੱਚੇ ਨੂੰ ਵੀ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਸਬੇ ਤੋਂ ਇਲਾਵਾ ਜੇਕਰ ਰਾਮਪੁਰਾ ਤੋਂ ਫੂਲ ਰੋਡ ਦੀ ਗੱਲ ਕਰੀਏ ਤਾਂ ਸੀਵਰੇਜ ਲੀਕੇਜ ਹੋਣ ਕਾਰਨ ਸੜਕ ਦਾ ਤਾਂ ਬੁਰਾ ਹਾਲ ਹੈ ਹੀ ਦੂਜੇ ਪਾਸੇ ਸੜਕ ’ਤੇ ਪਏ ਖੱਡੇ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਉੱਥੇ ਟੀਡੀਪੀ ਕਾਲਜ ਦੇ ਵਿਦਿਆਰਥੀਆਂ ਲਈ ਇਹ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਪਿਛਲੇ ਪੰਜ ਸਾਲ ਦਾ ਸੁੱਖ ਭੋਗ ਚੁੱਕੀ ਕਾਂਗਰਸ ਸਰਕਾਰ ਦੇ ਰਹਿ ਚੁੱਕੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਜੋ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਹਨ, ਨੇ ਵੀ ਰਾਮਪੁਰਾ ਫੂਲ ਦੀ ਇਸ ਸੀਵਰੇਜ ਸਮੱਸਿਆ ਵੱਲ ਉੱਕਾ ਧਿਆਨ ਨਹੀਂ ਦਿੱਤਾ। ਦੱਸਣਯੋਗ ਹੈ ਕਿ ਫੂਲ ਸਬ ਡਿਵੀਜ਼ਨ ਹੋਣ ਕਰਕੇ ਸਾਰੇ ਅਫਸਰ ਤੇ ਸਰਕਾਰੀ ਅਧਿਕਾਰੀ ਇਸ ਰਸਤੇ ਰਾਹੀ ਹੀ ਜਾਂਦੇ ਹਨ ਪਰ ਇਸ ਸਮੱਸਿਆ ਨੂੰ ਹੱਲ ਕਰਨ ਦਾ ਕਿਸੇ ਨੇ ਵੀ ਹੌਸਲਾ ਨਹੀਂ ਕੀਤਾ। ਉਥੇ ਹੀ ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਮੰਦਰ ਬੀਬੀ ਪਾਰੋਂ ਦੇ ਮੇਨ ਗੇਟ ਅੱਗੇ ਸੀਵਰੇਜ ਦਾ ਖੜ੍ਹਾ ਗੰਦਾ ਪਾਣੀ ਵੀ ਸਕੂਲੀ ਬੱਚਿਆਂ ਲਈ ਸਿਰਦਰਦੀ ਬਣਿਆ ਹੋਇਆ ਹੈ।
ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਘਰਾਂ ਵਿੱਚ ਵੜਿਆ
ਏਲਨਾਬਾਦ (ਪੱਤਰ ਪ੍ਰੇਰਕ): ਰਾਣੀਆ ਖੇਤਰ ਦੇ ਪਿੰਡ ਭੜੋਲਿਆ ਵਾਲੀ ਵਿੱਚ ਹੋਈ ਭਾਰੀ ਬਰਸਾਤ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ 6 ਏਕੜ ਜ਼ਮੀਨ ਛੱਪੜ ਲਈ ਮਨਜ਼ੂਰ ਹੈ ਪਰ ਇਸ ਵਿੱਚੋਂ 5 ਏਕੜ ਜ਼ਮੀਨ ’ਤੇ ਬਹੁਤੇ ਲੋਕਾਂ ਨੇ ਕਬਜ਼ੇ ਕਰਕੇ ਘਰ ਬਣਾ ਲਏ ਹਨ। ਲੋਕਾਂ ਨੇ ਦੱਸਿਆ ਕਿ ਪਿਛਲੇ ਦੋ ਦਿਨ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਹੁਣ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਆ ਵੜਿਆ ਹੈ। ਪਿੰਡ ਵਾਸੀਆਂ ਨੇ ਅੱਜ ਪਾਣੀ ’ਚ ਖੜ੍ਹੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਛੱਪੜ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ।