ਪੱਤਰ ਪ੍ਰੇਰਕ
ਟੱਲੇਵਾਲ, 28 ਫਰਵਰੀ
ਪਿੰਡ ਪੱਖੋਕੇ ਦੀ ਸਹਿਕਾਰੀ ਸਭਾ ਵਿੱਚ ਘਪਲੇਬਾਜ਼ੀ ਦੇ ਮਾਮਲੇ ਵਿੱਚ ਵਿਭਾਗ ਦੀ ਢਿੱਲੀ ਕਾਰਵਾਈ ਤੋਂ ਪ੍ਰੇਸ਼ਾਨ ਪੀੜਤ ਪਿੰਡ ਵਾਸੀਆਂ ਵਲੋਂ ਸੁਸਾਇਟੀ ਦੇ ਗੇਟ ਅੱਗੇ ਧਰਨਾ ਦੇ ਕੇ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ। ਇਸ ਮੌਕੇ ਜਗਤਾਰ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਜਾਗਲ ਸਿੰਘ ਅਤੇ ਚਮਕੌਰ ਸਿੰਘ ਨੇ ਕਿਹਾ ਕਿ ਪਿੰਡ ਦੀ ਸੁਸਾਇਟੀ ਵਿੱਚ ਸਕੱਤਰ ਵਲੋਂ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਜਿਸ ਸਬੰਧੀ ਬਾਕਾਇਦਾ ਪਰਚਾ ਵੀ ਦਰਜ ਹੈ। ਪਰ ਇਸ ਸਬੰਧੀ ਢਿੱਲੀ ਕਾਰਵਾਈ ਦੇ ਚਲਦਿਆਂ ਮੁਲਜ਼ਮ ਸਕੱਤਰ ਵਲੋਂ ਆਪਣੀ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੈਕਟਰੀ ਦੀ ਜਾਇਦਾਦ ਜ਼ਬਤ ਕਰਕੇ ਇਸ ਘਪਲੇਬਾਜ਼ੀ ਦੀ ਰਕਮ ਪੂਰੀ ਕੀਤੀ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਮੌਕੇ ਸਹਿਕਾਰੀ ਸਭਾਵਾਂ ਵਿਭਾਗ ਦੇ ਇੰਸਪੈਕਟਰ ਕਿਰਨਜੋਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਆਪਣੀ ਵਲੋਂ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਸਬੰਧਤ ਤਹਿਸੀਲਦਾਰ ਨੂੰ ਸਕੱਤਰ ਦੀ ਜਾਇਦਾਦ ਦੀ ਕੋਈ ਰਜਿਸਟਰੀ ਨਾ ਕਰਨ ਲਈ ਲਿਖ ਕੇ ਭੇਜ ਦਿੱਤਾ ਹੈ। ਪਰ ਅੱਜ ਪਤਾ ਲੱਗਿਆ ਹੈ ਕਿ ਸਕੱਤਰ ਨੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਹੈ। ਇਸ ਮਗਰੋਂ ਅਸੀਂ ਉਸਦਾ ਇੰਤਕਾਲ ਰੁਕਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਕਾਰਵਾਈ ਜਾਰੀ ਹੈ। ਕੁੱਲ 900 ਕਾਪੀਆਂ ਵਿੱਚੋਂ 45 ਕਾਪੀਆਂ ਦੀ ਜਾਂਚ ਹੀ ਕੀਤੀ ਜਾ ਸਕੀ ਹੈ। ਸਾਰੀਆਂ ਕਾਪੀਆਂ ਦੀ ਜਾਂਚ ਤੋਂ ਬਾਅਦ ਹੀ ਘਪਲੇ ਦੀ ਸਹੀ ਰਕਮ ਦਾ ਪਤਾ ਲੱਗ ਸਕੇਗਾ। ਇਸ ਤੋਂ ਬਾਅਦ ਹੀ ਸਾਰੀ ਰਕਮ ਜ਼ਬਤ ਕਰਵਾਈ ਜਾਵੇਗੀ।