ਜਗਤਾਰ ਅਨਜਾਣ
ਮੌੜ ਮੰਡੀ 19 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਵੱਲੋਂ ਪਿੰਡ ਮਾਈਸਰਖਾਨਾ ਵਿਖੇ ਪਾਣੀ ਬਚਾਓ ਖੇਤੀ ਬਚਾਓ ਮੁਹਿੰਮ ਤਹਿਤ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਵੱਲੋਂ ਆਪਣੇ ਮੁਨਾਫ਼ਿਆਂ ਲਈ ਵੱਖ ਵੱਖ ਫੈਕਟਰੀਆਂ ਵਿੱਚ ਮਾਲ ਤਿਆਰ ਕਰਨ ਲਈ ਰੋਜ਼ਾਨਾ ਲੱਖਾਂ ਕਰੋੜਾਂ ਲਿਟਰ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਧਰਤੀ ਹੇਠਲਾ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਪਾਣੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਿਰੁੱਧ ਵਿਸ਼ਵ ਬੈਂਕ ਤੋਂ ਪਾਣੀ ਬਚਾਓ ਖੇਤੀ ਬਚਾਓ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 21 ਤੋਂ 25 ਜੁਲਾਈ ਤਕ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਫੈਕਟਰੀਆਂ, ਡੀਸੀ ਦਫ਼ਤਰਾਂ ਅਤੇ ਪੀਣ ਵਾਲਾ ਪਾਣੀ ਘਰਾਂ ’ਚ ਸਪਲਾਈ ਕਰਨ ਦੇ ਮੋਟੇ ਮੁਨਾਫ਼ੇ ਕਮਾਉਣ ਲਈ ਠੇਕਾ ਲੈਣ ਵਾਲੀਆਂ ਸਾਮਰਾਜੀ ਕੰਪਨੀਆਂ ਦੇ ਪ੍ਰੋਜੈਕਟਾਂ ਅੱਗੇ ਪੰਜ ਰੋਜ਼ਾ ਦਿਨ ਰਾਤ ਦੇ ਧਰਨੇ ਲਾਏ ਜਾ ਰਹੇ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨ ਮਜਬੂਰੀ ਵੱਸ ਝੋਨੇ ਤੇ ਕਣਕ ਦੀ ਖੇਤੀ ਕਰਦੇ ਹਨ ਕਿਉਂਕਿ ਇਨ੍ਹਾਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਵਿਗਿਆਨੀਆਂ ਰਾਹੀਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੇ ਬੀਜ ਤਿਆਰ ਕਰਵਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਅੰਨ੍ਹੇ ਮੁਨਾਫ਼ੇ ਕਮਾਉਣ ਲਈ ਪੀਣ ਵਾਲੇ ਅਤੇ ਖੇਤੀ ਲਈ ਪਾਣੀ ਸਪਲਾਈ ਕਰਨ ਦੇ ਠੇਕੇ ਦਿੱਤੇ ਜਾ ਰਹੇ । ਪੰਜਾਬ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਨੂੰ ਠੇਕਾ ਦਿੱਤਾ ਜਾ ਚੁੱਕਾ ਹੈ ਜਿਸ ਲਈ ਕੰਪਨੀਆਂ ਵੱਲੋਂ ਨਹਿਰਾਂ ਅਤੇ ਧਰਤੀ ਹੇਠੋਂ ਪਾਣੀ ਕੱਢ ਕੇ ਸੋਧਣ ਲਈ ਵੱਡੇ ਪ੍ਰਾਜੈਕਟ ਲਾਏ ਜਾ ਰਹੇ ਹਨ। ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਨਿਭਾਈ।
ਟਰਾਈਡੈਂਟ ਫੈਕਟਰੀ ਅੱਗੇ ਧਰਨੇ ਭਲਕ ਤੋਂ
ਬਰਨਾਲਾ (ਖੇਤਰੀ ਪ੍ਰਤੀਨਿਧ): ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ’ਚ ਸੰਘੇੜਾ ਵਿਖੇ ਧਰਤੀ ਹੇਠਲੇ ਪਾਣੀ ਦੇ ਸੰਕਟ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ 21 ਤੋਂ 25 ਜੁਲਾਈ ਤੱਕ ਟਰਾਈਡੈਂਟ ਉਦਯੋਗ ਸਮੂਹ ਦੀ ਬਰਨਾਲਾ ਫੈਕਟਰੀ ਅੱਗੇ 5 ਰੋਜ਼ਾ ਧਰਨੇ ਦਿੱਤੇ ਜਾਣਗੇ। ਧਰਨੇ ’ਚ ਯੂਨੀਅਨ ਦੇ ਬਲਾਕ ਬਰਨਾਲਾ ਸਮੇਤ ਜ਼ਿਲ੍ਹਾ ਮਾਨਸਾ ਤੇ ਬਠਿੰਡਾ ਦੇ ਕਿਸਾਨ ਆਗੂ ਤੇ ਵਰਕਰ ਸ਼ਾਮਿਲ ਹੋਣਗੇ।