ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 10 ਜੂਨ
ਪਾਣੀ ਬਚਾਉਣ ਦੇ ਉਦੇਸ਼ ਨਾਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡਾਂ ’ਚ ਚੱਲ ਰਹੇ ਧਰਨਿਆਂ ਦਾ ਅੱਜ ਪੰਜਵਾਂ ਤੇ ਆਖ਼ਰੀ ਦਿਨ ਸੀ। ਜਥੇਬੰਦੀ ਦੇ ਆਗੂਆਂ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ, ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਕੋਠਾਗੁਰੂ, ਜਗਸੀਰ ਸਿੰਘ ਝੁੰਬਾ, ਦਰਸ਼ਨ ਸਿੰਘ ਮਾਈਸਰਖਾਨਾ ਆਦਿ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਸਾਰੇ ਲੋਕਾਂ ਨੂੰ ਸੰਘਰਸ਼ ਲਈ ਲਾਮਬੰਦ ਕਰਕੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਪਾਣੀ ਦੇ ਬਚਾਓ ਅਤੇ ਦੂਸ਼ਿਤ ਰਹਿਤ ਰੱਖਣ ਦੀ ਆਪਣੀ ਜ਼ਿੰਮੇਵਾਰੀ ਸਮਝੇ।
ਮਾਨਸਾ (ਪੱਤਰ ਪ੍ਰੇਰਕ): ਬੀਕੇਯੂ (ਉਗਰਾਹਾਂ) ਵੱਲੋਂ ਪੰਜ ਰੋਜ਼ਾ ਮੋਰਚੇ ਦੇ ਅਖ਼ੀਰਲੇ ਦਿਨ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿਚਲੇ ਸੈਂਕੜੇ ਪਿੰਡਾਂ ਵਿੱਚ ਭਾਰੀ ਇਕੱਠ ਕੀਤੇ ਗਏ ਅਤੇ ਲੋਕਾਂ ਨੂੰ ਪਾਣੀ ਤੇ ਖੇਤੀ ਬਚਾਉਣ ਦਾ ਹੋਕਾ ਦਿੱਤਾ ਗਿਆ। ਮਾਨਸਾ ਜ਼ਿਲ੍ਹੇ ਵਿੱਚ 138 ਥਾਵਾਂ ’ਤੇ ਲੱਗੇ ਧਰਨਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਜੁੜੇ ਇਕੱਠਾਂ ਨੂੰ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।
ਮਹਿਲ ਕਲਾਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਖੇਤੀ ਤੇ ਪਾਣੀ ਬਚਾਉਣ ਲਈ ਪਿੰਡਾਂ ਦੇ ਜਲ-ਘਰਾਂ ਅੱਗੇ ਲਗਾਏ ਪਿੰਡ ਪੱਧਰੀ ਜਾਗਰੂਕਤਾ ਧਰਨੇ ਅੱਜ ਸੰਘਰਸ਼ ਦੇ ਅਗਲੇ ਐਲਾਨ ਨਾਲ ਸਮਾਪਤ ਕੀਤੇ ਗਏ। ਬਲਾਕ ਮਹਿਲ ਕਲਾਂ ਦੇ ਲਗਪਗ 20 ਪਿੰਡਾਂ ਵਿੱਚ ਲਗਾਤਾਰ ਪੰਜ ਦਿਨ ਚੱਲੇ ਧਰਨਿਆਂ ਦੌਰਾਨ ਕਿਸਾਨ ਲੀਡਰਸ਼ਿਪ ਨੇ ਕਿਸਾਨਾਂ ਨੂੰ ਪਾਣੀ ਤੇ ਜ਼ਮੀਨ ਬਚਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਪਿੰਡ ਵਜ਼ੀਦਕੇ ਕਲਾਂ, ਚੁਹਾਣਕੇ ਕਲਾਂ, ਸਹੌਰ ਆਦਿ ਵਿੱਚ ਕਿਸਾਨ ਆਗੂ ਕੁਲਜੀਤ ਸਿੰਘ ਵਜੀਦਕੇ, ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁਰਮ, ਕੁਲਦੀਪ ਸਿੰਘ ਚੁਹਾਣਕੇ ਆਦਿ ਨੇ ਸੰਬੋਧਨ ਕੀਤਾ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਿੰਡ ਭਗਤਪੁਰਾ ਮੌੜ ਦੀ ਇਕਾਈ ਵੱਲੋਂ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ‘ਪਾਣੀ ਬਚਾਓ-ਖੇਤੀ ਬਚਾਓ’ ਮੁਹਿੰਮ ਤਹਿਤ ਪਿੰਡ ਦੇ ਵਾਟਰ ਵਰਕਸ ਅੱਗੇ ਧਰਨਾ ਲਾਇਆ ਗਿਆ।
ਭਗਤਾ ਭਾਈ (ਪੱਤਰ ਪ੍ਰੇਰਕ): ਬੀਕੇਯੂ (ਉਗਰਾਹਾਂ) ਵੱਲੋਂ ਤੋਂ ਪੰਜ ਰੋਜ਼ਾ ਧਰਨੇ ਬਲਾਕ ਭਗਤਾ ਭਾਈ ਦੇ ਪਿੰਡਾਂ ਜਲਾਲ, ਗੁੰਮਟੀ ਕਲਾਂ, ਆਦਮਪੁਰਾ, ਸਲਾਬਤਪੁਰਾ, ਭੋਡੀਪੁਰਾ, ਕੋਇਰ ਸਿੰਘ ਵਾਲਾ, ਬੁਰਜ ਲੱਧਾ, ਭਗਤਾ ਭਾਈ, ਸਿਰੀਏਵਾਲਾ, ਹਮੀਰਗੜ੍ਹ, ਆਕਲੀਆ, ਗੁਰੂਸਰ, ਮਲੂਕਾ, ਸਿਧਾਣਾ ਤੇ ਕੋਠਾ ਗੁਰੂ ਵਿੱਚ ਲਗਾਏ ਗਏ।
ਬਰੇਟਾ (ਪੱਤਰ ਪ੍ਰੇਰਕ): ਬੀਕੇਯੂ ਉਗਰਾਹਾਂ ਵੱਲੋਂ ਵਾਟਰ ਵਰਕਸਾਂ ਅੱਗੇ ਲਗਾਇਆ ਗਿਆ ਮੋਰਚੇ ਅੱਜ ਸਮਾਪਤ ਹੋ ਗਿਆ ਹੈ। ਇਹਨਾਂ ਮੋਰਚਿਆਂ ਨੂੰ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਸੰਬੋਧਨ ਕੀਤਾ।
ਬਰਨਾਲਾ ਜ਼ਿਲ੍ਹੇ ਦੇ 62 ਪਿੰਡਾਂ ਵਿੱਚੋਂ ਕਿਸਾਨਾਂ ਨੇ ਧਰਨੇ ਚੁੱਕੇ
ਬਰਨਾਲਾ (ਖੇਤਰੀ ਪ੍ਰਤੀਨਿਧ): ਬੀਕੇਯੂ ਉਗਰਾਹਾਂ ਦੇ ਬਰਨਾਲਾ ਜ਼ਿਲ੍ਹੇ ਦੇ 62 ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਅਤੇ 10 ਪਿੰਡਾਂ ਵਿੱਚ ਜਨਤਕ ਥਾਵਾਂ ’ਤੇ ਪਿਛਲੇ ਪੰਜ ਦਿਨਾਂ ਤੋਂ ਜਾਰੀ ਧਰਨੇ ਅੱਜ ਸਮਾਪਤ ਹੋ ਗਏ। ਕਿਸਾਨ ਆਗੂਆਂ ਨੇ ਸੰਸਾਰ ਬੈਂਕ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਹਰ ਕਿਸਮ ਦੇ ਪਾਣੀਆਂ ਉੱਪਰ ਹੱਲੇ ਖ਼ਿਲਾਫ਼ ਅੱਜ 5 ਰੋਜ਼ਾ ਮੋਰਚਿਆਂ ਨੂੰ ਅਗਲੇ ਐਲਾਨ ਤੱਕ ਮੁਲਤਵੀ ਕਰ ਦਿੱਤਾ ਹੈ।