ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਅਗਸਤ
ਪਿੰਡ ਮਾਣਾ ਸਿੰਘ ਵਾਲਾ ਅਤੇ ਸ਼ਕੂਰ ਦੀਆਂ ਦੋ ਪੰਚਾਇਤਾਂ ਸਬੰਧੀ ਪਈਆਂ ਪਟੀਸ਼ਨਾਂ ’ਤੇ ਸੁਣਾਏ ਗਏ ਚਾਰ ਫ਼ੈਸਲਿਆਂ ਨੂੰ ਗੈਰ ਸੰਵਿਧਾਨਕ ਕਰਾਰ ਦਿੰਦੇ ਹੋਏ ਕਰੀਬ ਪੱਚੀ ਪਿੰਡਾਂ ਦੇ ਸਰਪੰਚਾਂ ਨੇ ਫ਼ਿਰੋਜ਼ਪੁਰ ਦੇ ਤਤਕਾਲੀ ਐੱਸਡੀਐੱਮ ਅਮਿਤ ਗੁਪਤਾ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਮਿਤ ਗੁਪਤਾ ਲੰਘੀ 27 ਜੁਲਾਈ ਤੋਂ ਅਬੋਹਰ ਵਿਖੇ ਬਤੌਰ ਐੱਸਡੀਐੱਮ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪੰਚਾਇਤਾਂ ਦੀ ਅਗਵਾਈ ਕਰ ਰਹੇ ਐਡਵੋਕੇਟ ਅਰਸ਼ਦੀਪ ਸਿੰਘ ਰੰਧਾਵਾ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਕਰਕੇ ਅਮਿਤ ਗੁਪਤਾ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਐਸਡੀਐਮ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਵੀ ਦਿੱਤੀ ਹੈ, ਜਿਸ ’ਤੇ ਫ਼ੈਸਲਾ ਆਉਣਾ ਅਜੇ ਬਾਕੀ ਹੈ। ਐਡਵੋਕੇਟ ਰੰਧਾਵਾ ਨੇ ਐਸਡੀਐਮ ਗੁਪਤਾ ਉਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਗਲਤ ਬਿਆਨ ਦੇਣ ਦਾ ਦੋਸ਼ ਵੀ ਲਾਇਆ ਹੈ।
ਜ਼ਿਕਰਯੋਗ ਹੈ ਕਿ ਐਸਡੀਐਮ ਗੁਪਤਾ ਨੇ ਪਿੰਡ ਮਾਣਾ ਸਿੰਘ ਵਾਲਾ ਅਤੇ ਪਿੰਡ ਸ਼ਕੂਰ ਦੀਆਂ ਦੋਵੇਂ ਪੰਚਾਇਤਾਂ ਨੂੰ ਭੰਗ ਕਰਨ ਅਤੇ ਇਥੇ ਦੁਬਾਰਾ ਚੋਣਾਂ ਕਰਵਾਏ ਜਾਣ ਦਾ ਫ਼ੈਸਲਾ ਦਿੱਤਾ ਹੈ, ਜਿਸ ਉਪਰ ਮੌਜੂਦਾ ਸਰਪੰਚ ਇਤਰਾਜ਼ ਕਰ ਰਹੇ ਹਨ। ਆਸ-ਪਾਸ ਦੇ ਇਲਾਕੇ ਦੇ ਕਰੀਬ ਦੋ ਦਰਜਨ ਸਰਪੰਚ ਵੀ ਇਨ੍ਹਾਂ ਪੰਚਾਇਤਾਂ ਦੇ ਹੱਕ ਵਿਚ ਨਿੱਤਰ ਆਏ ਹਨ। ਐਸਡੀਐਮ ਅਮਿਤ ਗੁਪਤਾ ਦੇ ਖ਼ਿਲਾਫ਼ ਦਿੱਤੇ ਸਾਮੂਹਿਕ ਹਲਫ਼ੀਆ ਬਿਆਨ ਵਿਚ ਸਰਪੰਚਾਂ ਨੇ ਆਖਿਆ ਕਿ ਪਿੰਡ ਮਾਣਾ ਸਿੰਘ ਵਾਲਾ ਅਤੇ ਸ਼ਕੂਰ ਦੀਆਂ ਸਰਪੰਚੀ ਦੀਆਂ ਚੋਣਾਂ ਸਬੰਧੀ ਪਟੀਸ਼ਨ ਅਤੇ ਮਾਣਾ ਸਿੰਘ ਵਾਲਾ ਦੀਆਂ ਮੈਂਬਰਾਂ ਦੀਆਂ ਚੋਣਾਂ ਸਬੰਧੀ ਪਟੀਸ਼ਨਾਂ ਵਿਚ ਐਸਡੀਐਮ ਅਮਿਤ ਗੁਪਤਾ ਨੇ ਗੈਰ ਸੰਵਿਧਾਨਕ ਤਰੀਕੇ ਨਾਲ ਆਪਣੀ ਬਦਲੀ ਤੋਂ ਇੱਕ ਦਿਨ ਪਹਿਲਾਂ ਦੀ ਤਾਰੀਖ਼ ਵਿਚ ਆਰਡਰ ਜਾਰੀ ਕੀਤੇ ਹਨ। ਸਰਪੰਚਾਂ ਨੇ ਇਨ੍ਹਾਂ ਚਾਰ ਕੇਸਾਂ ਵਿਚ ਕਥਿਤ ਤੌਰ ਤੇ ਰਿਸ਼ਵਤ ਦੇ ਲੈਣ ਦੇਣ ਦਾ ਦੋਸ਼ ਵੀ ਲਾਇਆ ਹੈ ਤੇ ਸਰਕਾਰ ਪਾਸੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸਰਪੰਚਾਂ ਦਾ ਦੋਸ਼ ਹੈ ਕਿ ਫ਼ੈਸਲੇ ਤੋਂ ਪਹਿਲਾਂ ਸਬੰਧਤ ਅਧਿਕਾਰੀ ਪਾਸੋਂ ਚੋਣ ਰਿਕਾਰਡ ਵੀ ਨਹੀਂ ਮੰਗਵਾਇਆ ਗਿਆ। ਸਰਪੰਚਾਂ ਨੇ ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਵੀ ਕੀਤੀ ਸੀ, ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਧਰ ਦੂਜੇ ਪਾਸੇ ਐਸਡੀਐਮ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਵਾਲੀ ਮਹਿਲਾ ਸੁਖਵੰਤ ਕੌਰ ਅਤੇ ਸ਼ਕੂਰ ਪਿੰਡ ਦੇ ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ ਨੇ ਐਸਡੀਐਮ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਇਸ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਦੋਵਾਂ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ ਤੇ ਸਾਰੇ ਤੱਥਾਂ ਨੂੰ ਵਿਚਾਰਨ ਤੋਂ ਬਾਅਦ ਹੀ ਇਹ ਫ਼ੈਸਲਾ ਸੁਣਾਇਆ ਗਿਆ। ਇਨ੍ਹਾਂ ਨੇ ਐਸਡੀਐਮ ਅਮਿਤ ਗੁਪਤਾ ਦੇ ਖ਼ਿਲਾਫ਼ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।