ਪੱਤਰ ਪ੍ਰੇਰਕ
ਮਹਿਲ ਕਲਾਂ, 16 ਜੂਨ
ਨੇੜਲੇ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸਿਮਲਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੰਚਾਇਤ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਬੀਡੀਪੀਓ ਮਹਿਲ ਕਲਾਂ ਸੁਖਦੀਪ ਸਿੰਘ ਨੇ ਸਰਪੰਚ ਦੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਇਸ ਸਬੰਧੀ ਪੱਤਰ ਮਿਲਿਆ ਹੈ। ਮੁਅੱਤਲੀ ਸਬੰਧੀ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸਿਮਲਜੀਤ ਕੌਰ ਨੇ ਕਿਹਾ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਤੇ ਪਿੰਡ ਦੀ ਸਾਂਝੀ 50 ਏਕੜ ਪੰਚਾਇਤੀ ਜ਼ਮੀਨ ’ਤੇ ਰਸੂਖਵਾਨਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਲਈ ਉਸ ਨੇ ਹਾਈ ਕੋਰਟ ’ਚ ਕੇਸ ਵੀ ਕੀਤਾ ਹੋਇਆ ਹੈ ਤੇ ਉਸ ਕੇਸ ਨੂੰ ਵਾਪਸ ਕਰਾਉਣ ਲਈ ਵਿਰੋਧੀ ਦਬਾਅ ਬਣਾ ਰਹੇ ਹਨ। ਉਹ ਆਪਣੇ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਅਦਾਲਤ ਵਿੱਚ ਜਾਏਗੀ।