ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜੂਨ
ਇੱਥੋਂ ਦੇ ਇਤਿਹਾਸਕ ਗੁਰਦੁਆਰੇ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਸਰੋਵਰ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਹੰਸਲੀ ਸਾਹਿਬ ਦਾ ਉਦਘਾਟਨ ਕੀਤਾ।
ਸ੍ਰੀ ਬਾਜਵਾ ਨੇ ਕਿਹਾ ਕਿ ਜਿਸ ਪਾਣੀ ਦੇ ਚੈਨਲ ਰਾਹੀਂ (ਹੰਸਲੀ ਸਾਹਿਬ) ਪਾਣੀ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਜਾ ਰਿਹਾ ਸੀ ਉਹ ਤਕਰੀਬਨ 80 ਸਾਲ ਪੁਰਾਣਾ ਹੋਣ ਕਾਰਨ ਸਰੋਵਰ ਲਈ ਸਾਫ-ਸੁਥਰਾ ਪਾਣੀ ਮੁਹੱਈਆ ਨਹੀਂ ਕਰਵਾ ਪਾ ਰਿਹਾ ਸੀ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਦਰਬਾਰ ਸਾਹਿਬ ਨੂੰ ਹੁਣ ਸਾਫ ਸੁਥਰਾ ਪਾਣੀ ਉਪਲੱਬਧ ਹੋ ਜਾਵੇਗਾ। ਇਸ ਪ੍ਰਾਜੈਕਟ ਤਹਿਤ ਮੁਕਤਸਰ ਮਾਈਨਰ ਤੋਂ ਲੈ ਕੇ ਸਰੋਵਰ ਤੱਕ ਇੱਟਾਂ ਦਾ ਅੰਡਰ ਗਰਾਊਂਡ ਚੈਨਲ ਬਣਿਆ ਹੈ ਅਤੇ ਇਹ ਚੈਨਲ ਕੋਟਕਪੂਰਾ ਰੋਡ ਦੇ ਨਾਲ-ਨਾਲ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਸਰੋਵਰ ਤੱਕ ਪਹੁੰਚਦਾ ਹੈ। ਪੁਰਾਣੀ ਹੰਸਲੀ ਨੂੰ ਨਵੇਂ ਇਨਲੈਟ ਚੈਨਲ ਨਾਲ 1 ਕਰੋੜ 60 ਲੱਖ ਰੁਪਏ ਖਰਚ ਕੇ ਬਦਲਿਆ ਗਿਆ ਹੈ।
ਇਸ ਮੌਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਨਰਿੰਦਰ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰਸ਼ੀਦ, ਗੁਰਬਿੰਦਰ ਸਿੰਘ ਸਰਾਓ ਏਡੀਸੀ ਵਿਕਾਸ, ਹਰਿੰਦਰ ਸਿੰਘ ਸਰਾਂ ਰਿਟਾ: ਏਡਸੀ ਵਿਕਾਸ, ਸਵਰਨਜੀਤ ਕੌਰ ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ, ਕਿਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਮੈਨੇਜਰ ਦਰਬਾਰ ਸਾਹਿਬ ਮਨਿੰਦਰ ਸਿੰਘ, ਸ੍ਰੀ ਜਗਜੀਤ ਸਿੰਘ ਹਨੀ ਫੱਤਣਵਾਲਾ, ਭੀਨਾ ਬਰਾੜ ਅਤੇ ਭਿੰਦਰ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।