ਬਲਜੀਤ ਸਿੰਘ
ਸਰਦੂਲਗੜ੍ਹ, 2 ਅਕਤੂਬਰ
ਹਲਕਾ ਸਰਦੂਲਗੜ੍ਹ ’ਚ ਗੁਲਾਬੀ ਸੁੰਡੀ ਨੇ ਬਰਬਾਦ ਕੀਤੀ ਨਰਮੇ ਦੀ ਫ਼ਸਲ ਤੋਂ ਪ੍ਰੇਸ਼ਾਨ ਹੋਕੇ ਦੋ ਕਿਸਾਨਾਂ ਵਲੋਂ ਖ਼ੁਦਕੁਸ਼ੀ ਕਰ ਗਏ। ਪਿੰਡ ਬਣਾਂਵਾਲੀ ਵਿਖੇ ਸੁਖਮੰਦਰ ਸਿੰਘ (54) ਪੁੱਤਰ ਰੂਪ ਸਿੰਘ ਨੇ ਆਪਣੇ ਘਰ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੁਖਮੰਦਰ ਸਿੰਘ ਕੋਲ ਦੱਸ ਏਕੜ ਜ਼ਮੀਨ ਆਪਣੀ ਅਤੇ ਅੱਠ ਏਕੜ ਜ਼ਮੀਨ ਠੇਕੇ ’ਤੇ ਸੀ ਤੇ ਉਸ ਨੇ ਨਰਮੇ ਦੀ ਫਸਲ ਬੀਜੀ ਸੀ। ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਸਾਰੀ ਨਰਮੇ ਦੀ ਫ਼ਸਲ ਬਰਬਾਦ ਕਰ ਦਿੱਤੀ। ਪਿਛਲੇ ਸਾਲ ਵੀ ਮੀਂਹ ਦੇ ਕਾਰਨ ਉਸ ਦੀ ਸਾਰੀ ਫ਼ਸਲ ਨੁਕਸਾਨੀ ਗਈ ਸੀ। ਲਗਾਤਾਰ ਦੋ ਸਾਲ ਫ਼ਸਲ ਬਰਬਾਦ ਹੋਣ ਦੇ ਕਾਰਨ ਉਹ ਪ੍ਰੇਸ਼ਾਨੀ ਵਿੱਚ ਸੀ। ਇਸ ਕਾਰਨ ਉਸ ਖ਼ੁਦਕੁਸ਼ੀ ਕਰ ਲਈ। ਉਸ ਸਿਰ ਅੱਠ ਲੱਖ ਰੁਪਏ ਬੈਂਕ ਸੁਸਾਇਟੀ ਅਤੇ ਆੜ੍ਹਤੀਆਂ ਦਾ ਕਰਜ਼ਾ ਹੈ। ਉਸ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਦੋ ਸਾਲ ਪਹਿਲਾਂ ਉਸ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ। ਪਿੰਡ ਦਾਨੇਵਾਲਾ ਦੇ ਰਸ਼ਪਿੰਦਰ ਸਿੰਘ (26) ਪੁੱਤਰ ਗੁਰਜੰਟ ਸਿੰਘ ਨੇ ਵੀ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਰਸ਼ਪਿੰਦਰ ਸਿੰਘ ਕੋਲ ਆਪਣੀ ਚਾਰ ਕਿੱਲੇ ਅਤੇ ਦਸ ਕਿੱਲੇ ਠੇਕੇ ’ਤੇ ਜ਼ਮੀਨ ਸੀ। ਉਸ ਨੇ ਨਰਮੇ ਦੀ ਫਸਲ ਬੀਜੀ ਸੀ ਪਰ ਗੁਲਾਬੀ ਸੁੰਡੀ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਅਤੇ ਨਰਮੇ ਦੀ ਸਾਰੀ ਫ਼ਸਲ ਬਰਬਾਦ ਹੋ ਗਈ। ਸਦਮਾ ਨਾ ਸਹਾਰਦਿਆਂ ਉਸ ਨੇ ਸਲਫਾਸ ਨਿਗਲ ਲਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।