ਬਲਜੀਤ ਸਿੰਘ
ਸਰਦੂਲਗੜ੍ਹ, 30 ਨਵੰਬਰ
ਇਥੇ ਬੀਤੇ ਦਿਨੀਂ ਦੋ ਰਾਜਸਥਾਨੀ ਭਰਾਵਾਂ ਦੀ ਕੁੱਟ-ਮਾਰ ਕਰਕੇ 90 ਹਜ਼ਾਰ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਡੀਐੱਸਪੀ ਸਰਦੂਲਗੜ੍ਹ ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ 28 ਨਵੰਬਰ ਦੀ ਰਾਤ ਨੂੰ ਹਥਿਆਰਬੰਦ ਵਿਅਕਤੀਆਂ ਨੇ ਕਰਤਾਰ ਸਿੰਘ ਤੇ ਉਸ ਦੇ ਭਰਾ ਰਮੇਸ਼ ਕੁਮਾਰ ਦੀ ਕੁੱਟਮਾਰ ਕੀਤੀ ਅਤੇ 90 ਹਜ਼ਾਰ ਰੁਪਏ ਅਤੇ 2 ਮੋਬਾਈਲ ਫੋਨ ਲੁੱਟ ਕੇ ਲੈ ਗਏ। ਥਾਣਾ ਮੁਖੀ ਸਰਦੂਲਗੜ੍ਹ ਸੰਦੀਪ ਭਾਟੀ ਅਤੇ ਇੰਚਾਰਜ ਸੀਆਈਏ ਸਟਾਫ ਮਾਨਸਾ ਵੱਲੋਂ ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਉਰਫ ਮੋਜੂ ਵਾਸੀ ਕੁਲਾਣਾ, ਗੁਰਲਾਲ ਸਿੰਘ ਵਾਸੀ ਢਾਣੀ ਮੀਰਪੁਰ ਖੁਰਦ, ਅਮਰਿੰਦਰ ਸਿੰਘ ਉਰਫ ਗੱਗੂ ਵਾਸੀ ਦਾਨੇਵਾਲਾ, ਮਨਦੀਪ ਸਿੰਘ ਉਰਫ ਨਿੱਕੂ ਵਾਸੀ ਲਖਮੀਰਵਾਲਾ, ਹਰਜੀਤ ਸਿੰਘ ਉਰਫ ਜੀਤੂ ਵਾਸੀ ਮੀਰਪੁਰ ਖੁਰਦ ਨੂੰ ਕਾਬੂ ਕਰ ਲਿਆ ਹੈ।