ਪੱਤਰ ਪ੍ਰੇਰਕ
ਤਲਵੰਡੀ ਸਾਬੋ, 14 ਮਾਰਚ
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਹੱਦ ’ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਬੀਕੇਯੂ (ਸਿੱਧੂਪੁਰ) ਵੱਲੋਂ ਪਿੰਡ ਜਗ੍ਹਾ ਰਾਮ ਤੀਰਥ ਵਿੱਚ ‘ਮਿੱਟੀ ਦੇ ਪੁੱਤਾਂ’ ਦਾ ਮਹਾਸੰਮੇਲਨ ਕਰਵਾਇਆ ਗਿਆ। ਸੰਬੋਧਨ ਕਰਦਿਆਂ ਬੀਕੇਯੂ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਤਰਨਾਕ ਨਿੱਕਲਣ ਵਾਲੇ ਨਤੀਜ਼ਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ, ਉੱਥੇ ਉਨ੍ਹਾਂ ਕਿਹਾ ਕਿ ਜੇਲ੍ਹਾਂ ਅਤੇ ਪਰਚਿਆਂ ਤੋਂ ਘਬਰਾਉਣ ਦੀ ਲੋੜ ਨਹੀਂ, ਇਹ ਸੰਘਰਸ਼ਾਂ ਵਿੱਚ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਪੂਰੇ ਦੇਸ਼ ਦਾ ਬਣ ਚੁੱਕਾ ਹੈ ਤੇ ਅਸੀਂ ਜੰਗ ਜਿੱਤਾਂਗੇ। ਪੰਜਾਬੀ ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਵਿਦੇਸ਼ਾਂ ਵਿੱਚ ਜਾ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ’ਤੇ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਨਾਲ ਜੁੜ ਕੇ ਰਹਿਣ ਲਈ ਕਿਹਾ।