ਪੱਤਰ ਪ੍ਰੇਰਕ
ਮਾਨਸਾ, 17 ਸਤੰਬਰ
ਨਗਰ ਕੌਸਲ ਮਾਨਸਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਮੰਗਾਂ ਮਨਵਾਉਣ ਲਈ ਪਿਛਲੇ ਛੇ ਦਿਨਾਂ ਤੋਂ ਧਰਨਾ ਜਾਰੀ ਹੈ। ਇਸ ਕਾਰਨ ਸ਼ਹਿਰ ਦੇ ਸਫ਼ਾਈ ਪ੍ਰਬੰਧ ਵਿਗੜਨ ਲੱਗੇ ਹਨ। ਇਨ੍ਹਾਂ ਕਾਮਿਆਂ ਨੇ ਹੜਤਾਲ ਕਰਕੇ ਨਗਰ ਕੌਸਲ ਦਫ਼ਤਰ ਸਾਹਮਣੇ ਧਰਨਾ ਲਾਇਆ ਹੋਇਆ ਹੈ ਜਿਸ ਕਾਰਨ ਸ਼ਹਿਰ ਦੇ ਮੁੱਖ ਬਜ਼ਾਰਾਂ ਸਮੇਤ ਗਲੀਆਂ-ਨਾਲੀਆਂ ਅਤੇ ਹੋਰ ਸਥਾਨਾਂ ਦੀ ਸਫ਼ਾਈ ਨਹੀਂ ਹੋ ਰਹੀ। ਸ਼ਨੀਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਸਫਾਈ ਕਾਮਿਆਂ ਨੇ ਨਗਰ ਕੌਸਲ ਦਫਤਰ ਸਾਹਮਣੇ ਧਰਨਾ ਨਹੀਂ ਲਾਇਆ ਪਰ ਇਸ ਦੇ ਬਾਵਜੂਦ ਉਹ ਕੰਮ ’ਤੇ ਨਹੀਂ ਆਏ।
ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਡਿਪਟੀ ਕਮਿਸ਼ਨਰ ਦੇ ਘਰ ਅਤੇ ਦਫ਼ਤਰ ਨੂੰ ਜਾਂਦੀ ਵੀਆਈਪੀ ਰੋਡ ਸਮੇਤ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਸਫ਼ਾਈ ਪ੍ਰਬੰਧਾਂ ਦਾ ਹਾਲ ਮਾੜਾ ਹੈ। ਸ਼ਹਿਰ ਦੇ ਬੱਸ ਅੱਡੇ ਸਮੇਤ ਸੇਵਾ ਸਿੰਘ ਠੀਕਰੀਵਾਲਾ ਚੌਕ ਅਤੇ ਹੋਰ ਥਾਂ ’ਤੇ ਕੂੜੇ ਢੇਰ ਲੱਗ ਗਏ ਹਨ।
ਬੀਤੇ ਦਿਨ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਮਾਨਸਾ ਦੇ ਐੱਸਡੀਐੱਮ ਵੱਲੋਂ ਸਿਆਸੀ ਲੋਕਾਂ ਨੂੰ ਵਿੱਚ ਪਾ ਕੇ ਮਸਲੇ ਦਾ ਹੱਲ ਕੱਢਣ ਲਈ ਯਤਨ ਕੀਤਾ ਗਿਆ ਸੀ ਪਰ ਸਫ਼ਾਈ ਕਾਮੇ ਟੱਸ ਤੋਂ ਮੱਸ ਨਹੀਂ ਹੋਏ।
ਸਫ਼ਾਈ ਕਾਮੇ ਮੰਗਾਂ ਮਨਵਾਉਣ ਲਈ ਅੜੇ
ਸਫ਼ਾਈ ਕਰਮਚਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨਾਂ ਚਿਰ ਤੱਕ ਉਨ੍ਹਾਂ ਦੀਆਂ ਬਕਾਇਆ ਪਈਆਂ ਦੋ ਮਹੀਨਿਆਂ ਦੀਆਂ ਤਨਖਾਹਾਂ ਅਤੇ ਆਊਟਸੋਰਸ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਕੰਟਰੈਕਟ ਅਧੀਨ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਤੱਕ ਉਹ ਕੰਮ ’ਤੇ ਨਹੀਂ ਪਰਤਣਗੇ। ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਤੇ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਨਗਰ ਕੌਸਲ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਅਧਿਕਾਰੀਆਂ ਵੱਲੋਂ ਮਸਲਿਆਂ ਦਾ ਹੱਲ ਨਾ ਨਿਕਲਣ ਕਾਰਨ ਉਹ ਲਗਾਤਾਰ ਧਰਨੇ ਉੱਤੇ ਬੈਠੇ ਹਨ। ਇਸੇ ਦੌਰਾਨ ਨਗਰ ਕੌਸਲ ਦੇ ਉਪ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਯਤਨ ਜਾਰੀ ਹਨ ਅਤੇ ਸਫ਼ਾਈ ਕਾਮਿਆਂ ਨੂੰ ਇਨਸਾਫ਼ ਦਿਵਾਉਣ ਦਾ ਹਰ ਸੰਭਵ ਉਪਰਾਲਾ ਕਰਕੇ ਸਫ਼ਾਈ ਕਾਰਜ ਆਰੰਭੇ ਜਾਣਗੇ।