ਜਲਾਲਾਬਾਦ: ਨਗਰ ਕੌਂਸਲ ਫਾਜ਼ਿਲਕਾ ਨੇ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ 1 ਅਕਤੂਬਰ, 2022 ਨੂੰ ਰਸਮੀ ਤੌਰ ’ਤੇ ਐਲਾਨੇ ਗਏ ‘ਆਜ਼ਾਦੀ 75 ਸਵੱਛ ਸਰਵੇਖਣ 2022’ ਲਈ ਇਨਾਮਾਂ ਦੀ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਭਾਰਤ ਦੀ ਰਾਸ਼ਟਰਪਤੀ ਡਾ. ਦ੍ਰੋਪਦੀ ਮੁਰਮੂ ਕਰਨਗੇ। ਉਨ੍ਹਾਂ ਇਸ ਪ੍ਰਾਪਤੀ ਲਈ ਨਗਰ ਕੌਂਸਲ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ ਨੇ ਦੱਸਿਆ ਕਿ ਰੂਪਾ ਮਿਸ਼ਰਾ, ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ-ਸ਼ਹਿਰੀ, ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ ਫਾਜ਼ਿਲਕਾ ਪੁਰਸਕਾਰ ਲਈ ਚੁਣੀਆਂ ਗਈਆਂ ਰਾਜ ਦੀਆਂ 11 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ ਇੱਕ ਹੈ। ਜਿਹੜੀ ਵਿਸ਼ੇਸ਼ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾ ਰਿਹਾ ਹੈ, ਉਸ ਦਾ ਐਲਾਨ ਇਨਾਮ ਵੰਡ ਸਮਾਗਮ ਵਾਲੇ ਦਿਨ ਕੀਤਾ ਜਾਵੇਗਾ।
-ਨਿੱਜੀ ਪੱਤਰ ਪ੍ਰੇਰਕ