ਦਲਜੀਤ ਸਿੰਘ ਸੰਧੂ
ਸੰਘਾ, 16 ਜੁਲਾਈ
ਪਿੰਡ ਆਹਲੂਪੁਰ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਕਿਸਾਨ ਨੇ ਆਪਣੀ ਢਾਈ ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਦਿਆਲ ਸਿੰਘ ਪੁੱਤਰ ਅਰਜਨ ਸਿੰਘ ਨੇ ਢਾਈ ਏਕੜ ਜ਼ਮੀਨ ਵਿੱਚ ਤਕਰੀਬਨ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਕਹਿਰ ਕਾਰਨ ਨਰਮਾ ਖ਼ਤਮ ਹੋ ਰਿਹਾ ਸੀ ਜਿਸ ਕਰਕੇ ਅੱਜ ਕਿਸਾਨ ਨੇ ਦੁਖੀ ਹੋ ਕੇ ਆਪਣੀ ਨਰਮੇ ਦੀ ਫਸਲ ਵਾਹ ਦਿੱਤੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਨੂੰ 60 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।