ਰੇਤੇ ਦਾ ਮਾਮਲਾ: ਸੰਘਰਸ਼ ਕਮੇਟੀ ਨੇ ਗ੍ਰਿਫ਼ਤਾਰ ਕਿਸਾਨ ਦੀ ਰਿਹਾਈ ਮੰਗੀ : The Tribune India

ਰੇਤੇ ਦਾ ਮਾਮਲਾ: ਸੰਘਰਸ਼ ਕਮੇਟੀ ਨੇ ਗ੍ਰਿਫ਼ਤਾਰ ਕਿਸਾਨ ਦੀ ਰਿਹਾਈ ਮੰਗੀ

ਪੁਲੀਸ ਨਾਲ ਗੱਲਬਾਤ ਰਹੀ ਬੇਸਿੱਟਾ; ਥਾਣੇ ’ਚ ਧਰਨਾ ਜਾਰੀ; ਪੁਲੀਸ ਨੇ ਨਾਜਾਇਜ਼ ਪਰਚੇ ਦੇ ਦੋਸ਼ ਨਕਾਰੇ

ਰੇਤੇ ਦਾ ਮਾਮਲਾ: ਸੰਘਰਸ਼ ਕਮੇਟੀ ਨੇ ਗ੍ਰਿਫ਼ਤਾਰ ਕਿਸਾਨ ਦੀ ਰਿਹਾਈ ਮੰਗੀ

ਥਾਣੇ ਵਿੱਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।

ਹਰਦੀਪ ਸਿੰਘ

ਫਤਿਹਗੜ੍ਹ ਪੰਜਤੂਰ, 18 ਮਾਰਚ

ਰੇਤ ਦੀ ਨਾਜਾਇਜ਼ ਨਿਕਾਸੀ ਦੇ ਦੋਸ਼ਾਂ ਤਹਿਤ ਪੁਲੀਸ ਵੱਲੋਂ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਗਏ ਨਜ਼ਦੀਕ ਪਿੰਡ ਫਤੇਉੱਲਾ ਸਾਹਵਾਲਾ ਦੇ ਕਿਸਾਨ ਬੂਟਾ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਥਾਣੇ ਵਿਚ ਲਾਇਆ ਗਿਆ ਰੋਸ ਧਰਨਾ ਦੂਜੇ ਦਿਨ ਵਿਚ ਦਾਖਲ ਹੋ ਗਿਆ ਹੈ। ਦੂਸਰੇ ਪਾਸੇ ਪੁਲੀਸ ਪ੍ਰਸ਼ਾਸਨ ਨੇ ਨਾਜਾਇਜ਼ ਦਰਜ ਕੇਸ ਦਰਜ ਦੇ ਕਿਸਾਨਾਂ ਵਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ ਹੈ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਕਿਸ਼ਨਪੁਰਾ, ਹਰਬੰਸ ਸਿੰਘ ਜੋਨ ਪ੍ਰਧਾਨ ਅਤੇ ਅਵਤਾਰ ਸਿੰਘ ਧਰਮ ਸਿੰਘ ਵਾਲਾ ਦੀ ਅਗਵਾਈ ਹੇਠ ਲਗਾਏ ਗਏ ਥਾਣੇ ਵਿੱਚ ਰੋਸ ਧਰਨੇ ਨੂੰ ਅੱਜ ਹੋਰਨਾਂ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਸਮਰਥਨ ਦਿੱਤਾ। ਕਿਸਾਨ ਨੇਤਾਵਾਂ ਨੇ ਮੰਗ ਕੀਤੀ ਕਿ ਰੇਤ ਦੀ ਨਾਜਾਇਜ਼ ਨਿਕਾਸੀ ਵਿਚ ਗ੍ਰਿਫਤਾਰ ਕੀਤੇ ਗਏ ਕਿਸਾਨ ਬੂਟਾ ਸਿੰਘ ਨੂੰ ਪੁਲੀਸ ਪ੍ਰਸ਼ਾਸ਼ਨ ਫੌਰੀ ਬਾਇੱਜ਼ਤ ਰਿਹਾਅ ਕਰੇ। ਕਿਸਾਨਾਂ ਦੀ ਪੁਲੀਸ ਪਰਸ਼ਾਸ਼ਨ ਨਾਲ ਚੱਲ ਰਹੀ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗ ਸਕੀ ਹੈਂ। ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਦੀ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਹੈ ਅਤੇ ਕਿਸਾਨਾਂ ਨੇ ਪੁਲੀਸ ਅੱਗੇ ਮੰਗ ਰੱਖੀ ਹੈ ਕਿ ਪੁਲੀਸ ਪ੍ਰਸ਼ਾਸਨ ਨਾਜਾਇਜ਼ ਗ੍ਰਿਫ਼ਤਾਰ ਕੀਤੇ ਕਿਸਾਨ ’ਤੇ ਕੇਸ ਰੱਦ ਕਰਕੇ ਉਸ ਨੂੰ ਰਿਹਾਅ ਕਰੇ, ਨਹੀਂ ਤਾਂ ਰਿਹਾਈ ਧਰਨਾ ਜਾਰੀ ਰਹੇਗਾ।

ਕਿਸਾਨ ਨੇਤਾਵਾਂ ਗੁਰਦੇਵ ਸਿੰਘ ਅਤੇ ਸੈਕਟਰੀ ਅਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਸਿਆਸੀ ਰੰਜਸ ਤਹਿਤ ਕਿਸਾਨ ਬੂਟਾ ਸਿੰਘ ’ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਦਕਿ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਆਖਿਆ ਕਿ ਰੇਤ ਦੀ ਨਾਜਾਇਜ਼ ਨਿਕਾਸੀ ਸਬੰਧੀ ਦਰਜ ਕੇਸ ਬਿਲਕੁਲ ਸਹੀ ਹੈ ਅਤੇ ਕਿਉਂਕਿ ਉਕਤ ਕਿਸਾਨ ਨੂੰ ਨਾਜਾਇਜ਼ ਨਿਕਾਸੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All