ਰਵਿੰਦਰ ਰਵੀ
ਬਰਨਾਲਾ, 20 ਅਪਰੈਲ
ਜ਼ਿਲ੍ਹਾ ਬਰਨਾਲਾ ਦੀਆਂ ਕਈ ਵਿਦਿਅਕ ਸੰਸਥਾਵਾਂ ਤੇ ਸੈਂਟਰਾਂ ਵਿਚ ਫਾਇਰ ਸੇਫਟੀ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਹੈ। ਬਰਨਾਲਾ ਸ਼ਹਿਰ ਵਿਚ ਕਈ ਆਈਲੈਟਸ ਸੈਂਟਰ ਅਤੇ ਸੈਲੂਨ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚ ਸਥਿਤ ਹਨ। ਗਰਮੀ ਦੇ ਇਸ ਮੌਸਮ ਵਿਚ ਜੇ ਇੱਥੇ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਉੱਥੇ ਤੱਕ ਪਹੁੰਚਣਾ ਲਗਪਗ ਅਸੰਭਵ ਹੈ। ਫਾਇਰ ਸੇਫਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਸੰਸਥਾਵਾਂ ਬੱਚਿਆਂ ਅਤੇ ਅਧਿਆਪਕਾਂ ਦੀ ਜਾਨ ਜ਼ੋਖ਼ਿਮ ਵਿੱਚ ਪਾ ਰਹੀਆਂ ਹਨ।
ਜ਼ਿਲ੍ਹਾ ਬਰਨਾਲਾ ਦੇ ਫਾਇਰ ਵਿਭਾਗ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਜਿਸ ਖੁੱਲ੍ਹਦਿਲੀ ਨਾਲ ਫਾਇਰ ਸੇਫਟੀ ਸਰਟੀਫਿਕੇਟ ਵੰਡੇ ਜਾਂਦੇ ਹਨ, ਹੈਰਾਨੀਜਨਕ ਹੈ। ਜੋ ਵੀ ਸਰਕਾਰੀ ਜਾਂ ਪ੍ਰਾਈਵੇਟ ਵਿਭਾਗ ਤੇ ਸੰਸਥਾ ਫਾਇਰ ਵਿਭਾਗ ਕੋਲ ਫਾਇਰ ਸਰਟੀਫਿਕੇਟ ਹਾਸਲ ਕਰਨ ਲਈ ਦਰਖ਼ਾਸਤ ਕਰਦੀ ਹੈ, ਵਿਭਾਗ ਵੱਲੋਂ ਕਥਿਤ ਮੁਕੰਮਲ ਜਾਂਚ ਕਰੇ ਬਿਨਾਂ ਹੀ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ। ਜ਼ਿਲ੍ਹੇ ਦੇ ਕੁੱਝ ਗਿਣਤੀ ਦੇ ਸਰਕਾਰੀ ਵਿਭਾਗਾਂ ਨੂੰ ਛੱਡ ਕੇ ਕਿਸੇ ਵੀ ਸਰਕਾਰੀ, ਪ੍ਰਾਈਵੇਟ ਵਿਭਾਗ ਅਤੇ ਸੰਸਥਾ ਅੰਦਰ ਅੱਗ ਬੁਝਾਊ ਯੰਤਰ ਜਾਂ ਲੱਗੇ ਹੀ ਨਹੀਂ ਹਨ ਜਾਂ ਫਿਰ ਉਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ। ਵਿਭਾਗੀ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਸਥਿਤ ਕਈ ਆਈਲੈਟਸ ਸੈਂਟਰਾਂ ਤੇ ਸੈਲੂਨ ਮਾਲਕਾਂ ਵੱਲੋਂ ਹਾਲੇ ਤੱਕ ਫਾਇਰ ਸੇਫਟੀ ਸਰਟੀਫਿਕੇਟ ਲਈ ਚਾਰਾਜੋਈ ਵੀ ਨਹੀਂ ਕੀਤੀ ਗਈ ਹੈ। ਇਸ ਸਬੰਧੀ ਫਾਇਰ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਕਈ ਆਈਲੈਟਸ ਸੈਂਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਲਦ ਹੀ ਸ਼ਹਿਰ ਦੀਆਂ ਤੰਗ ਗਲੀਆਂ ’ਚ ਚੱਲ ਰਹੇ ਆਈਲੈਟਸ ਸੈਂਟਰਾਂ ਤੇ ਸੈਲੂਨਾਂ ਦੀ ਪੜਤਾਲ ਕੀਤੀ ਜਾਵੇਗੀ। ਉਲੰਘਣਾ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ।