ਜਸਵੰਤ ਜੱਸ
ਫ਼ਰੀਦਕੋਟ, 7 ਅਪਰੈਲ
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਫਰੀਦਕੋਟ ਪਲੇਠੀ ਫੇਰੀ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ 350 ਸਟਾਫ਼ ਨਰਸਾਂ ਦੀ ਤਨਖਾਹ ਜਾਰੀ ਕਰ ਦਿੱਤੀ ਹੈ। ਇਨ੍ਹਾਂ ਨਰਸਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਦਸੰਬਰ ਤੇ ਜਨਵਰੀ ਵਿੱਚ ਦੋ ਮਹੀਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਧਰਨੇ ਦਿੱਤੇ ਸਨ। ਯੂਨੀਵਰਸਿਟੀ ਨੇ ਨਰਸਾਂ ਖ਼ਿਲਾਫ਼ ਸਖਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਦੀ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਰੋਕ ਲਈ ਜਿਸ ਕਰਕੇ ਯੂਨੀਵਰਸਿਟੀ ਤੇ ਨਰਸਾਂ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋਂ ਤਨਾਅ ਚੱਲ ਰਿਹਾ ਸੀ ਤੇ ਯੂਨੀਵਰਸਿਟੀ ਨੂੰ ਖਦਸ਼ਾ ਸੀ ਕਿ 8 ਅਪਰੈਲ ਨੂੰ ਸਿਹਤ ਮੰਤਰੀ ਦੀ ਫੇਰੀ ਸਮੇਂ ਮੁਲਾਜ਼ਮ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਦੇਰ ਰਾਤ ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ, ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਤੇ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ 350 ਨਰਸਾਂ ਦੀ ਰੁਕੀ ਹੋਈ ਤਨਖਾਹ ਜਾਰੀ ਕਰ ਦਿੱਤੀ। ਯੂਨੀਵਰਸਿਟੀ ਨੇ ਤਨਖਾਹ ਦੇ ਬਣਦੇ 1 ਕਰੋੜ 50 ਲੱਖ ਰੁਪਏ ਬਕਾਏ ਵਜੋਂ ਮੁਲਾਜ਼ਮਾਂ ਦੇ ਖਾਤੇ ਵਿੱਚ ਪਾ ਦਿੱਤੇ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਕੁਝ ਹੋਰ ਕਰਮਚਾਰੀਆਂ ਦੀ ਤਨਖਾਹ ਵੀ ਰੁਕੀ ਹੋਈ ਹੈ ਤੇ ਇਹ ਮਾਮਲਾ ਵੀ ਨਿਯਮਾਂ ਅਨੁਸਾਰ ਜਲਦ ਨਿਪਟਾ ਦਿੱਤਾ ਜਾਵੇਗਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਿਹਤ ਮੰਤਰੀ ਦੀ ਫੇਰੀ ਮੌਕੇ ਯੂਨੀਵਰਸਿਟੀ ਤੇ ਹਸਪਤਾਲ ਦੇ ਕਰਮਚਾਰੀਆਂ ਨੇ ਸਾਂਝਾ ਮੰਚ ਗਠਿਤ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਸਟਾਫ਼ ਤੇ ਅਧਿਕਾਰੀਆਂ ਦਰਮਿਆਨ ਹੋਈ ਗੱਲਬਾਤ ਮਗਰੋਂ ਮੁੱਦਾ ਸੁਲਝ ਗਿਆ ਹੈ। ਸਿਹਤ ਮੰਤਰੀ 8 ਅਪਰੈਲ ਨੂੰ ਫ਼ਰੀਦਕੋਟ ’ਚ ਨਵੇਂ ਬਣੇ ਬਰਨਿੰਗ ਯੂਨਿਟ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ।
ਰੇਲਾਂ ਦਾ ਚੱਕਾ ਜਾਮ 10 ਨੂੰ
ਭੁੱਚੋ ਮੰਡੀ (ਪੱਤਰ ਪ੍ਰੇਰਕ) ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਦਾ ਠਹਿਰਾਅ ਨਾ ਹੋਣ ਕਾਰਨ ਸ਼ਹਿਰ ਵਾਸੀ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ 10 ਅਪਰੈਲ ਨੂੰ ਰੇਲਾਂ ਦਾ ਚੱਕਾ ਜਾਮ ਕਰਨਗੇ। ਆਗੂ ਪਰਦੀਪ ਬਾਂਸਲ, ਬਿਮਲ ਗੋਇਲ,ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੇ 26 ਮਾਰਚ ਨੂੰ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ 9 ਅਪਰੈਲ ਤੱਕ ਰੇਲਾਂ ਦਾ ਠਹਿਰਾਅ ਕੀਤੇ ਜਾਣ ਦੀ ਮੰਗ ਕੀਤੀ ਸੀ ਤੇ ਸੁਣਵਾਈ ਨਾ ਹੋਣ ’ਤੇ 10 ਅਪਰੈਲ ਨੂੰ ਗੰਗਾਨਗਰ-ਹਰਿਦੁਆਰ ਮੇਲ ਗੱਡੀ ਦਾ ਘਿਰਾਓ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਇਲਾਕਾ ਵਾਸੀਆਂ ਤੇ ਕਿਸਾਨ ਜੱਥੇਬੰਦੀਆਂ ਨੂੰ ਇਸ ਸਾਂਝੀ ਸਮੱਸਿਆ ਦੇ ਹੱਲ ਲਈ ਰੇਲ ਚੱਕਾ ਜਾਮ ਸੰਘਰਸ਼ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।