ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੂਨ
ਇੱਥੇ ਸਾਬਕਾ ਅਕਾਲੀ-ਭਾਜਪਾ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਥਾਨਕ ਵਿਧਾਇਕ ਉੱਤੇ ਹੋਛੀ ਰਾਜਨੀਤੀ ਅਤੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਰੱਜ ਕੇ ਭੜਾਸ ਕੱਢੀ।
ਹਲਕਾ ਇੰਚਾਰਜ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਸਾਬਕਾ ਅਕਾਲੀ-ਭਾਜਪਾ ਨੇ ਪ੍ਰੈਸ ਕਾਨਫਰੰਸ ’ਚ ਸਥਾਨਕ ਵਿਧਾਇਕ ਉੱਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਇਸ ਵਰ੍ਹੇ 31 ਮਾਰਚ ਨੂੰ ਕੌਂਸਲਰਾਂ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ 77 ਵਿਕਾਸ ਕਾਰਜ ਪਾਸ ਕਰਵਾਏ ਸਨ ਜੋ ਬੀਤੇ ਵਰ੍ਹੇ 23 ਦਸੰਬਰ ਨੂੰ ਸ਼ੁਰੂ ਹੋਣੇ ਸਨ, ਪ੍ਰੰਤੂ ਅਫ਼ਸਰਸ਼ਾਹੀ ਨੇ ਵਿਧਾਇਕ ਦੇ ਕਥਿਤ ਦਬਾਅ ਹੇਠ ਵਿਕਾਸ ਕੰਮ ਸ਼ੁਰੂ ਨਹੀਂ ਹੋਣ ਦਿੱਤੇ, ਜਿਸ ਕਰਕੇ ਸ਼ਹਿਰ ਵਾਸੀ ਖੱਜਲ ਖੁਆਰ ਹੋਏ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੀ ਗ੍ਰਾਂਟ ਨਾਲ ਲਈਆਂ 30 ਲੱਖ ਦੀਆਂ ਰੇਹੜ੍ਹੀਆਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕੁਝ ਕੰਮ ਰੋਕਣ ਦਾ ਹਵਾਲਾ ਦਿੰਦਿਆਂ ਨਿਗਾਹਾ ਰੋਡ, ਕਲਿਆਣ ਵਿਹਾਰ ਅਤੇ ਸੰਧੂਆਂ ਰੋਡ ਦੇ ਕੰਮ ਸਿਆਸੀ ਰੰਜਿਸ਼ ਤਹਿਤ ਠੱਪ ਹੋਣ ਦਾ ਦਾਅਵਾ ਕੀਤਾ। ਮੱਖਣ ਬਰਾੜ ਨੇ ਕਿਹਾ ਕਿ ਵਿਧਾਇਕ ਨੇ ਸ਼ਹਿਰ ਲਈ ਕੁਝ ਨਹੀਂ ਕੀਤਾ। ਜੇਕਰ ਸ਼ਹਿਰ ਵਿੱਚ ਕੋਈ ਵਿਕਾਸ ਕੰਮ ਕੀਤਾ ਹੁੰਦਾ ਤਾਂ ਵਿਧਾਇਕ ਨੂੰ ਲੋੜਵੰਦ ਲੋਕਾਂ ਨੁੰ ਵੰਡੀ ਜਾ ਰਹੀ ਕਿਲੋ ਕਿਲੋ ਕਣਕ ਨਾਲ ਤਸਵੀਰਾਂ ਖਿਚਵਾਉਣ ਦੀ ਲੋੜ ਨਾ ਪੈਂਦੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਨੇ ਸ਼ਰਮਾ ਨੇ ਕਿਹਾ ਕਿ ਵਿਧਾਇਕ ’ਤੇ ਨਿਗਮ ’ਚ ਆਪਣਾ ਦਫ਼ਤਰ ਬਣਾ ਕੇ ਵਿਕਾਸ ਕੰਮਾਂ ’ਚ ਸਿੱਧੀ ਦਖ਼ਲ ਅੰਦਾਜ਼ੀ ਦਾ ਦੋਸ਼ ਲਾਇਆ ਜਦੋਂ ਕਿ ਨਿਯਮਾਂ ਅਨੁਸਾਰ ਵਿਧਾਇਕ ਨਿਗਮ ਅੰਦਰ ਦਫ਼ਤਰ ਨਹੀਂ ਬਣਾ ਸਕਦਾ।
‘10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਉਦੋਂ ਕਰਵਾ ਲੈਂਦੇ ਵਿਕਾਸ ਕਾਰਜ’
ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਸੂਬੇ ’ਚ 10 ਸਾਲ ਅਕਾਲੀ-ਭਾਜਪਾ ਸਰਕਾਰ ਰਹੀ ਉਦੋਂ ਵਿਕਾਸ ਕਰਵਾ ਲੈਂਦੇ, ਜੇਕਰ ਵਿਕਾਸ ਲਈ ਸਾਥ ਨਹੀਂ ਦੇਣਾ ਤਾਂ ਘੱਟੋ-ਘੱਟ ਵਿਰੋਧ ਤਾਂ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਮੇਅਰ ਦੀ ਕੁਰਸੀ ਪਿੱਛੇ ਲੜਨ ਵਾਲੇ ਆਗੂਆਂ ਨੂੰ ਅੱਜ ਸ਼ਹਿਰ ਦੇ ਵਿਕਾਸ ਦਾ ਅੱਜ ਚੇਤਾ ਆਇਆ ਹੈ।