ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਪਰਵਾਸੀ ਮਜ਼ਦੂਰਾਂ ਦੇ ਫ਼ਿਲਹਾਲ ਥੋੜੀ ਗਿਣਤੀ ਵਿੱਚ ਪੁੱਜਣ ਕਾਰਨ ਹੁਣ ਖੇਤ ਮਜ਼ਦੂਰ ਔਰਤਾਂ ਦੀ ਕਦਰ ਵਧ ਗਈ ਹੈ। ਹੁਣ ਇਹ ਔਰਤਾਂ ਮਾਲਵੇ ਦੇ ਖੇਤਾਂ ਵਿਚ ਝੋਨਾ ਲਾਉਣ ਲੱਗੀਆਂ ਹਨ। ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿਚ ਪਹਿਲਾਂ ਨਰਮੇ ਦੀ ਚੁਗਾਈ ਦਾ ਜ਼ਿਆਦਾ ਕੰਮ ਔਰਤਾਂ ਕਰਦੀਆਂ ਸਨ ਪਰ ਹੁਣ ਤਾਜ਼ਾ ਪਏ ਮੀਂਹਾਂ ਦਾ ਲਾਹਾ ਲੈਂਦਿਆਂ ਅਤੇ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਵਾਈ ਵਿਚ ਔਰਤਾਂ ਦੀ ਇੰਨੀ ਵਧਵੀਂ ਹਿੱਸੇਦਾਰੀ ਪਹਿਲੀ ਵਾਰ ਸਾਹਮਣੇ ਆਈ ਹੈ।
ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਪੇਂਡੂ ਔਰਤਾਂ ਨੇ ਆਪਣੇ ਗਰੁੱਪ ਬਣਾਏ ਹੋਏ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਠੇਕੇ ਉਪਰ ਪ੍ਰਤੀ ਏਕੜ 4000 ਰੁਪਏ ਦੇ ਹਿਸਾਬ ਨਾਲ ਝੋਨਾ ਲਗਾ ਰਹੀਆਂ ਹਨ। ਆਮ ਤੌਰ ’ਤੇ ਸੱਤ-ਅੱਠ ਔਰਤਾਂ ਇੱਕ ਦਿਨ ਵਿਚ ਇੱਕ ਏਕੜ ਝੋਨਾ ਆਸਾਨੀ ਨਾਲ ਲਗਾ ਦਿੰਦੀਆਂ ਹਨ, ਜਿਸ ਦੇ ਹਿਸਾਬ ਉਨ੍ਹਾਂ ਦੀ ਪ੍ਰਤੀ ਔਰਤ ਪ੍ਰਤੀ ਦਿਨ ਦਿਹਾੜੀ 500-600 ਰੁਪਏ ਪੈਂਦੀ ਹੈ।
ਅੰਕੜਿਆਂ ਅਨੁਸਾਰ ਪੰਜਾਬ ਦੇ ਖੇਤੀ ਕਾਰਜਾਂ ਵਿਚ ਔਰਤਾਂ ਦੀ ਹਿੱਸੇਦਾਰੀ ਕਾਫ਼ੀ ਘੱਟ ਰਹੀ ਹੈ ਅਤੇ ਇਹ ਗੁਆਂਢੀ ਸੂਬੇ ਹਰਿਆਣਾ ਤੋਂ ਲਗਭਗ ਅੱਧੀ ਹੈ। ਹੁਣ ਖੇਤੀ ਕਾਰਜਾਂ ਵਿਚ ਵੱਧਦੀ ਇਸ ਹਿੱਸੇਦਾਰੀ ਨਾਲ, ਜਿੱਥੇ ਔਰਤਾਂ ਘਰਾਂ ਤੋਂ ਬਾਹਰ ਆ ਕੇ ਖੁਦ ’ਤੇ ਨਿਰਭਰ ਹੋ ਕੇ ਕਮਾਈ ਕਰ ਰਹੀਆਂ ਹਨ, ਉਥੇ ਪਰਵਾਸੀ ਮਜ਼ਦੂਰਾਂ ਦੀ ਘਾਟ ਦੀ ਪੂਰਤੀ ਵੀ ਕਰ ਰਹੀਆਂ ਹਨ। ਭਾਵੇਂ ਔਰਤ ਮਜ਼ਦੂਰਾਂ ਨੂੰ ਮਰਦਾਂ ਦੇ ਮੁਕਾਬਲੇ ਸਰੀਰਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਕਈ ਖੇਤਰਾਂ ਵਿਚ ਪਹਿਲਾਂ ਘੱਟ ਦਿਹਾੜੀ ਵੀ ਦਿੱਤੀ ਜਾਂਦੀ ਰਹੀ ਹੈ ਪਰ ਮੌਜੂਦਾ ਝੋਨੇ ਦੀ ਲੁਵਾਈ ਸਮੇਂ ਇਹ ਦਿਹਾੜੀ ਮਰਦਾਂ ਦੇ ਬਰਾਬਰ ਦਿੱਤੀ ਜਾਣ ਲੱਗੀ ਹੈ।