ਪੱਤਰ ਪ੍ਰੇਰਕ
ਮਾਨਸਾ, 5 ਫਰਵਰੀ
ਸੰਯੁਕਤ ਸਮਾਜ ਮੋਰਚਾ ਦੇ ਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਮਾਨਸਾ ਜ਼ਿਲ੍ਹੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਕਮਾਨ ਸੰਭਾਲੀ ਲਈ ਹੈ। ਉਹ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੀ ਹਵਾ ਨੂੰ ਜ਼ੋਰ ਫੜਾਉਣ ਲਈ ਪਿੰਡਾਂ ਵਿੱਚ ਨੁੱਕੜ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਜ਼ਿਲ੍ਹੇ ਵਿੱਚ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਛੋਟਾ ਸਿੰਘ ਮੀਆਂ, ਮਾਨਸਾ ਵਿਧਾਨ ਸਭਾ ਹਲਕੇ ਤੋਂ ਗੁਰਨਾਮ ਸਿੰਘ ਭੀਖੀ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਕਾਮਰੇਡ ਕਿ੍ਰਸ਼ਨ ਚੌਹਾਨ ਮੈਦਾਨ ਵਿੱਚ ਉਤਰੇ ਹੋਏ ਹਨ। ਉਨ੍ਹਾਂ ਪਿੰਡ ਨੰਗਲ ਕਲਾਂ, ਸਹਾਰਨਾ, ਖਾਰਾ, ਬਰਨਾਲਾ,ਹੀਰੇਵਾਲਾ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਦਿੱਤਾ ਗਿਆ ਚੋਣ ਨਿਸ਼ਾਨ ਮੰਜੇ ਨੂੰ ਮੰਗਿਆ ਨਹੀਂ ਸੀ ਗਿਆ, ਸਗੋਂ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਟਰੈਕਟਰ-ਟਰਾਲੀ ਚੋਣ ਨਿਸ਼ਾਨ ਦੇਣ ਲਈ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਵੇਲੇ ਅੰਦੋਲਨਕਾਰੀ ਕਿਸਾਨਾਂ ਤੋਂ ਡਰ ਬਣਿਆ ਹੋਇਆ ਹੈ ਅਤੇ ਦਿੱਲੀ ਦੇ ਕਿਸਾਨ ਸੰਘਰਸ਼ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਵਿੱਚ ਸੱਤਾ ਦੀ ਲੜਾਈ ਲਈ ਮੈਦਾਨ ਵਿੱਚ ਉਤਰੀਆਂ ਸਭ ਧਿਰਾਂ ਨੂੰ ਸੰਯੁਕਤ ਸਮਾਜ ਮੋਰਚੇ ਤੋਂ ਇਸ ਵੇਲੇ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦਾ ਰਾਜ ਭਰ ਵਿੱਚ ਬਹੁਤ ਵਧੀਆ ਪ੍ਰਚਾਰ ਆਰੰਭ ਹੋਇਆ ਹੈ ਅਤੇ ਉਨ੍ਹਾਂ ਨੂੰ ਲੋਕਾਂ ਵਿੱਚ ਚੰਗਾ ਹੁੰਗਾਰਾ ਮਿਲਣ ਲੱਗਿਆ ਹੈ।