ਜੋਗਿੰਦਰ ਸਿੰਘ ਮਾਨ
ਮਾਨਸਾ, 12 ਦਸੰਬਰ
ਦਿੱਲੀ ਕਿਸਾਨ ਮੋਰਚੇ ਨੂੰ ਜਿੱਤਕੇ ਵਾਪਸ ਆਏ ਕਿਸਾਨ ਕਾਫ਼ਲੇ ਦਾ ਅੱਜ ਇਥੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਅੱਡੋ-ਅੱਡੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਵਿੱਚ ਇਸ ਕਾਫ਼ਲੇ ਨੂੰ ਰੋਕ ਕੇ ਲੋਕਾਂ ਵੱਲੋਂ ਲੰਗਰ ਲਾਏ ਗਏ ਅਤੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਬੱਸ ਸਟੈਂਡ ਸਾਹਮਣੇ ਟਰਾਂਸਪੋਰਟ ਮਾਲਕਾਂ ਅਤੇ ਕਾਮਿਆਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਸਮੇਤ ਹੋਰਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਕਾਫ਼ਲੇ ਨਾਲ ਸੰਗਤ ਨੂੰ ਵੀ ਲੱਡੂ ਵੰਡੇ ਗਏ।
ਕਿਸਾਨ ਆਗੂ ਰੁਲਦੂ ਸਿੰਘ ਨੇ ਆਪਣੇ ਖੂੰਡੇ ਨਾਲ ਭੰਗੜਾ ਪਾਉਂਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੱਡੀ ਜਿੱਤ ਵਿੱਚ ਸਮਾਜ ਦੇ ਹਰ ਵਰਗ ਦਾ, ਜੋ ਉਪਰਾਲਾ ਅਤੇ ਹੌਸਲਾ ਹੈ, ਉਸ ਦੀਆਂ ਕਿਸਾਨ ਜਥੇਬੰਦੀਆਂ ਸਦਾ ਲਈ ਰਿਣੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਲੋਕ ਏਕਤਾ ਤੋਂ ਬਿਨਾਂ ਸੰਘਰਸ਼ਾਂ ਨੂੰ ਜਿੱਤਣਾ ਸੌਖਾ ਨਹੀਂ ਹੁੰਦਾ ਹੈ, ਪਰ ਜਿਸ ਰੂਪ ਵਿੱਚ ਔਰਤਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਦੁਕਾਨਦਾਰਾਂ, ਕਾਰਖਾਨੇਦਾਰਾਂ, ਰੇਹੜੀ ਵਾਲਿਆਂ ਅਤੇ ਹੋਰ ਵੱਖ-ਵੱਖ ਵਰਗਾਂ ਨੇ ਇਸ ਜਾਨ ਹੂਲਵੇਂ ਅੰਦੋਲਨ ਵਿੱਚ ਯੋਗਦਾਨ ਪਾਇਆ, ਉਸ ਰੂਪ ਵਿੱਚ ਹੀ ਮੋਦੀ ਨੂੰ ਵਾਪਿਸ ਮੁੜਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਜਿੱਤ ਨੇ ਦੇਸ਼ ਵਿੱਚ ਇੱਕ ਨਵਾਂ ਜਜ਼ਬਾ ਪੈਦਾ ਕੀਤਾ ਹੈ। ਇਸ ਮੌਕੇ ਜਸਵੀਰ ਕੌਰ ਨੱਤ, ਗੁਰਨਾਮ ਸਿੰਘ ਭੀਖੀ, ਸੁਖਦਰਸ਼ਨ ਨੱਤ, ਐਡਵੋਕੇਟ ਬਲਕਰਨ ਸਿੰਘ ਬੱਲੀ, ਗੋਰਾ ਸਿੰਘ ਭੈਣੀਬਾਘਾ, ਗੁਰਜੰਟ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ ਵੀ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਦੀ ਅਗਵਾਈ ਹੇਠ ਇੱਕ ਕਾਫ਼ਲੇ ਦਾ ਬਜ਼ਾਰਾਂ ’ਚ ਸਵਾਗਤ ਕੀਤਾ ਗਿਆ।
ਟੱਲੇਵਾਲ (ਲਖਵੀਰ ਸਿੰਘ ਚੀਮਾ) ਖੇਤੀ ਕਾਨੂੰਨਾਂ ਦੀ ਲੜਾਈ ਜਿੱਤ ਕੇ ਪੰਜਾਬ ਮੁੜੇ ਕਿਸਾਨਾਂ ਦਾ ਪਿੰਡਾਂ ਵਿੱਚ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਦਿੱਲੀ ਮੋਰਚੇ ਵਿੱਚ ਹਾਜ਼ਰੀ ਭਰਨ ਵਾਲੇ ਕਿਸਾਨ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ ਚੂੰਘਾਂ, ਪੱਖੋਕੇ, ਬਖ਼ਤਗੜ੍ਹ ਤੇ ਜੋਧਪੁਰ ਵਿੱਚ ਕਾਫ਼ਲਿਆਂ ਦੇ ਕਾਫ਼ਲੇ ਪਹੁੰਚੇ। ਉਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੱਥਿਆਂ ਦਾ ਪਿੰਡ ਚੀਮਾ, ਭੋਤਨਾ, ਦੀਵਾਨਾ, ਸੱਦੋਵਾਲ, ਗਹਿਲ, ਟੱਲੇਵਾਲ ਅਤੇ ਰਾਮਗੜ੍ਹ ਵਿੱਚ ਸਵਾਗਤ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ ਫ਼ੁੱਲਾਂ ਦੀ ਵਰਖਾ ਕੀਤੀ ਗਈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਿੰਡ ਚੀਮਾ ਵਿੱਚ ਪੁੱਜੇ ਕਾਫ਼ਲੇ ਦਾ ਪਿੰਡ ਦੇ ਨੌਜਵਾਨਾਂ ਨੇ ਨਾਅਰਿਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ। ਇਨ੍ਹਾਂ ਕਿਸਾਨੀ ਜੱਥਿਆਂ ਵੱਲੋਂ ਪਿੰਡਾਂ ਵਿੱਚ ਜੇਤੂ ਮਾਰਚ ਵੀ ਕੱਢੇ ਗਏ। ਕੁਝ ਪਿੰਡਾਂ ਵਿੱਚ ਪਟਾਕੇ ਤੇ ਆਤਿਸ਼ਬਾਜੀ ਕਰਕੇ ਜਿੱਤ ਦੀ ਖੁਸ਼ੀ ਮਨਾਈ ਗਈ। ਇਸੇ ਤਰ੍ਹਾਂ ਕਿਸਾਨਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਵੀ ਪਾਏ।