ਨਿਰੰਜਨ ਬੋਹਾ
ਬੋਹਾ, 18 ਅਕਤੂਬਰ
ਖੇਤਰ ਦੇ ਪਿੰਡ ਸੰਦਲੀ ਨੂੰ ਸਰਕਾਰਾਂ ਵੱਲੋਂ ਕਦੇ ਵੀ ਸਵੱਲੀ ਨਜ਼ਰ ਨਸੀਬ ਨਹੀ ਹੋਈ। ਇਹ ਪਿੰਡ ਜਿੱਥੇ ਬਹੁਤੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ, ਉੱਥੇ ਹੀ ਪਿੰਡ ਦੇ ਲੋਕਾਂ ਨੂੰ ਅੱਜ ਤੱਕ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਤੇ ਚੜ੍ਹ ਕੇ ਪਿੰਡ ਤੋਂ ਸ਼ਹਿਰ ਜਾਣਾ ਵੀ ਨਸੀਬ ਨਹੀਂ ਹੋਇਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਸਾਂ ਨੂੰ ਉਡੀਕਦਿਆਂ ਹੋਇਆਂ ਖੰਡਰ ਬਣੇ ਇੱਥੋਂ ਦੇ ਬੱਸ ਅੱਡਿਆਂ ਦੀ ਹੁਣ ਤੱਕ ਤੀਸਰੀ ਵਾਰ ਨਵੇਂ ਸਿਰਿਓਂ ਉਸਾਰੀ ਹੋ ਚੁੱਕੀ, ਪਰ ਬੱਸਾਂ ਦੀ ਉਡੀਕ ਲਈ ਸਵਾਰੀਆਂ ਦਾ ਇਨ੍ਹਾਂ ਅੱਡਿਆਂ ਵਿੱਚ ਬੈਠਣਾ ਕਦੇ ਨਸੀਬ ਨਹੀਂ ਹੋਇਆ। ਪਿੰਡ ਸੰਦਲੀ ਦੀ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਹਰਗੋਪਾਲ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਸਕੂਲ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਮਲਕੋਂ ਦੇ ਸਕੂਲ ਵਿੱਚ ਪੜ੍ਹਨ ਲਈ ਤੁਰ ਕੇ ਜਾਣਾ ਪੈਦਾ ਹੈ ਜਿਸ ਕਰਕੇ ਬਹੁਤੇ ਪਰਿਵਾਰ ਤਾਂ ਆਪਣੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਹੀ ਨਹੀਂ ਦਿੰਦੇ। ਅਮੀਰ ਪਰਿਵਾਰ ਤਾਂ ਆਪਣੇ ਬੱਚਿਆਂ ਲਈ ਸਕੂਲ ਆਉਣ-ਜਾਣ ਦਾ ਪ੍ਰਬੰਧ ਕਰ ਦਿੰਦੇ ਹਨ, ਪਰ ਆਰਥਿਕ ਤੌਰ ’ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਿਕਾਰਡ ਮੁਤਾਬਕ ਇਸ ਪਿੰਡ ਲਈ ਬੱਸਾਂ ਦੇ ਕਈ ਰੂਟ ਬਣੇ ਹੋਏ ਹਨ। ਸਰਕਾਰੀ ਤੇ ਪ੍ਰਾਈਵੇਟ ਪਰਮਿਟ ਚੱਲ ਰਹੇ ਹਨ ਪਰ ਬੱਸਾਂ ਦੀਆਂ ਆਵਾਜਾਈ ਬੰਦ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇੱਥੇ ਜ਼ਿਲ੍ਹੇ ਦੇ ਕੁਝ ਨਾਮਵਰ ਲੀਡਰਾਂ ਨੇ ਉਨ੍ਹਾਂ ਦੇ ਪਿੰਡ ਦੇ ਸੁਧਾਰ ਲਈ ਬਹੁਤ ਵੱਡੇ-ਵੱਡੇ ਵਾਇਦੇ ਕੀਤੇ ਸਨ, ਪਰ ਚੋਣਾਂ ਤੋਂ ਬਾਅਦ ਪਿੰਡ ਲਈ ਇੱਕ ਵਾਇਦਾ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਉਨ੍ਹਾਂ ਦੇ ਪਿੰਡ ਲਈ ਬੱਸਾਂ ਦੀ ਆਵਾਜਾਈ ਬਹਾਲ ਕਰਵਾਈ ਜਾਵੇ।