ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਕਤੂਬਰ
ਪਿਛਲੇ ਸਾਢੇ ਚਾਰ ਸਾਲ ਦੌਰਾਨ ਪੰਜਾਬ ਵਿੱਚ ਸਰਕਾਰੀ ਨੌਕਰੀ ਵੀ ‘ਨਵਾਬੀ-ਕਿੱਤਾ’ ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰੀ ਅਮਲੇ ਨੂੰ ਦਫ਼ਤਰਾਂ ’ਚ ਸਹੀ ਸਮੇਂ ਪੁੱਜ ਕੇ ਡਿਊਟੀ ਕਰਨ ਨੂੰ ਆਖ ਰਹੇ ਹਨ। ਜਦਕਿ ਜ਼ਮੀਨ ਪੱਧਰ ’ਤੇ ਸਰਕਾਰੀ ਮੁਲਾਜ਼ਮਾਂ ਦੀ ਵਗੈਰ ਡਿਊਟੀ ’ਤੇ ਆਏ ਘਰੋਂ ਬੈਠਿਆਂ ਹੀ ਸਰਕਾਰੀ ਅਦਾਰਿਆਂ ’ਚ ਹਾਜ਼ਰੀ ਲੱਗ ਰਹੀ ਹੈ। ਵਗੈਰ ਡਿਊਟੀ ਕੀਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਵਾਲਾ ਇਹ ਕਾਰਗੁਜ਼ਾਰੀ ਕਮਿਊਨਿਟੀ ਸਿਹਤ ਸੈਂਟਰ ਲੰਬੀ ਦੇ ਅਧੀਨ ਪੈਂਦੇ ਪਿੰਡ ਭੀਟੀਵਾਲਾ ਵਿਖੇ ਹੈਲਥ ਐਂਡ ਵੈਲਨੈੱਸ ਸੈਂਟਰ ’ਤੇ ਸਾਹਮਣੇ ਆਇਆ ਹੈ। ਇਸ ਸੈਂਟਰ ਵਿਖੇ ਤਾਇਨਾਤ ਇੱਕ ਲੇਡੀ ਹੈਲਥ ਵਿਜ਼ਟਰ (ਐਲ.ਐਚ.ਵੀ.) ਦੀ ਘਰੇ ਬੈਠਿਆਂ ਹੀ ਹੈਲਥ ਸੈਂਟਰ ’ਚ ਕਥਿਤ ਹਾਜ਼ਰੀ ਲੱਗਦੀ ਆ ਰਹੀ ਹੈ। ਹਾਜ਼ਰੀ ਰਜਿਸਟਰ ਦੇ ਮਿਲੇ ਸਬੂਤਾਂ ਮੁਤਾਬਕ ਇਸ ਐੱਲਐੱਚਵੀ ਮੁਲਾਜ਼ਮ ਦੀ ਬੀਤੀ 7 ਸਤੰਬਰ ਤੋਂ 17 ਸਤੰਬਰ 2021 ਤੱਕ ਹਾਜ਼ਰੀ ਵਾਲਾ ਖਾਨਾ ਖਾਲੀ (ਜਿਸਦੇ ਸਬੂਤ ਪੰਜਾਬੀ ਟ੍ਰਿਬਿਊਨ ਕੋਲ ਹਨ) ਪਾਇਆ ਗਿਆ। ਜਦੋਂ ਭੀਟੀਵਾਲਾ ਸੈਂਟਰ ’ਤੇ ਦਾ ਹਾਜ਼ਰੀ ਰਜਿਸਟਰ ਪੜਤਾਲਿਆ ਤਾਂ ਉਕਤ ਐੱਲਐੱਚਵੀ ਦੀਆਂ 7 ਤੋਂ 17 ਸਤੰਬਰ 2021 ਵਾਲੀ ਹਾਜ਼ਰੀਆਂ ਲੱਗੀਆਂ ਹੋਈਆਂ ਸਨ। ਨਿਯਮਾਂ ਮੁਤਾਬਕ ਮੁਲਾਜ਼ਮਾਂ ਦੀ ਹਾਜ਼ਰੀ ਰੋਜ਼ਾਨਾ ਅਤੇ ਉਸ ਦੀ ਡਿਊਟੀ/ਛੁੱਟੀ ਜਾਂ ਸਥਿਤੀ ਦਰਜ ਹੋਣੀ ਚਾਹੀਦੀ ਹੈ। ਉਸਦੇ ਨਾਲ ਹੋਰਨਾਂ ਦੇ ਮੁਲਾਜ਼ਮਾਂ ਦੀ ਹਾਜ਼ਰੀ ’ਚ ਊਣਤਾਈਆਂ ਵਿਖਦੀਆਂ ਹਨ। ਉਸ ਦੀ ਲੰਮੀ ਗੈਰਹਾਜ਼ਰੀ ਚਰਚਾ ਵਿੱਚ ਹੈ। ਉਕਤ ਐੱਲਐੱਚਵੀ ਮੁਲਾਜ਼ਮ ਤਰਨ ਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਹਾਜ਼ਰੀ ਰਜਿਸਟਰ ਮੁਤਾਬਕ ਮਾਰਚ ਅਤੇ ਜੁਲਾਈ 2021 ’ਚ ਉਸ ਦੀ ਡਿਊਟੀ ਸੀਐੱਚਸੀ. ਲੰਬੀ ਵਿਖੇ ਵਿਖਾਈ ਗਈ ਹੈ। ਇਸ ਸਮੁੱਚੀ ਕਾਰਗੁਜ਼ਾਰੀ ’ਚ ਸੀਨੀਅਰ ਅਫ਼ਸਰਾਂ ਦੀ ਪੂਰੀ ਛਤਰ-ਛਾਇਆ ਦੱਸੀ ਜਾਂਦੀ ਹੈ। ਸਿਹਤ ਸੈਂਟਰ ਭੀਟੀਵਾਲਾ ਸੈਂਟਰ ’ਤੇ ਤਾਇਨਾਤ ਅਮਲੇ ਨੇ ਪੱਤਰਕਾਰ ਕੋਲ ਕਬੂਲਿਆ ਕਿ ਐੱਲਐੱਚਵੀ ਮਹਿਲਾ ਮੁਲਾਜ਼ਮ ਤਰਨ ਤਾਰਨ ਤੋਂ ਦੂਰੋਂ ਆਉਂਦੀ ਹੈ। ਉਹ ਕਦੇ-ਕਦੇ ਹੀ ਆਉਂਦੀ ਹਨ। ਜਦੋਂ ਵੀ ਉਹ ਆਉਂਦੇ ਹਨ ਉਦੋਂ ਹਾਜ਼ਰੀ ਕੰਪਲੀਟ ਕਰ ਜਾਂਦੇ ਹਨ। ਮੀਡੀਆ ਪੜਤਾਲ ਮੁਤਾਬਕ ਉਸ ਦੀ ਹਾਜ਼ਰੀ ਵਾਲੇ ਦੋਵੇਂ ਅੱਖਰ ਵੀ ਬਹੁਤ ਜਗਾ ਆਪਸ ’ਚ ਨਹੀਂ ਮੇਲ ਖਾਂਦੇ ਵਿਖਾਈ ਦਿੱਤੇ।
ਮੈਂ ਰੋਜ਼ਾਨਾ ਦਫ਼ਤਰ ਜਾਂਦੀ ਹਾਂ: ਸਵਰਨਜੀਤ ਕੌਰ
ਸਿਹਤ ਕੇਂਦਰ ਨਾ ਜਾਣ ਬਾਰੇ ਜਦੋਂ ਐੱਲਐੱਚਵੀ ਸਵਰਨਜੀਤ ਕੌਰ ਨਾਲ ਗੱਲ ਕੀਤਾ ਉਨ੍ਹਾਂ ਆਖਿਆ ਕਿ ਉਹ ਰੋਜ਼ਾਨਾ ਸਿਹਤ ਕੇਂਦਰ ਜਾਂਦੇ ਹਨ ਅਤੇ ਕੰਦੂਖੇੜਾ ਵਿੱਚ ਕਮਰਾ ਕਿਰਾਏ ’ਤੇ ਲੈ ਕੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣਾ ਤਬਾਦਲਾ ਕਰਵਾਉਣ ਲਈ ਚਾਰਾਜੋਈ ਕਰ ਰਹੇ ਹਨ।