ਰਮਨਦੀਪ ਸਿੰਘ
ਚਾਉਕੇ, 27 ਜੁਲਾਈ
ਪਿੰਡ ਕੋਟੜਾ ਕੌੜਾ ਵਿੱਚ ਪਿਛਲੇ ਦੋ ਦਿਨ ਤੋਂ ਸਕੂਲ ਨੂੰ ਲੱਗਾ ਤਾਲਾ ਅੱਜ ਦੋ ਲੈਕਚਰਾਰ ਆਉਣ ਬਾਅਦ ਖੋਲ੍ਹ ਦਿੱਤਾ ਗਿਆ। ਵਰਨਣਯੋਗ ਹੈ ਕਿ ਪਿੰਡ ਦੇ ਸਕੂਲ ਦਾ ਦਰਜਾ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਹੋਣ ’ਤੇ ਵਿਦਿਆਰਥੀਆਂ ਨੇ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਤਾਂ ਲੈ ਲਿਆ ਪਰ ਸਬੰਧਿਤ ਸਟਾਫ਼ ਨਾ ਹੋਣ ਕਾਰਨ ਪੜ੍ਹਾਈ ਸ਼ੁਰੂ ਨਹੀਂ ਸੀ ਹੋ ਸਕੀ। ਪ੍ਰਸ਼ਾਸਨ ਵੱਲੋਂ ਕੋਈ ਸਾਰਥਿਕ ਹੱਲ ਨਾ ਕਰਨ ਦੇ ਰੋਸ ਵਜੋਂ ਮਜ਼ਦੂਰ ਕਿਸਾਨ ਜਥੇਬੰਦੀਆਂ, ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਕੂਲ ਗੇਟ ਨੂੰ ਜਿੰਦਰਾ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਦੋ ਲੈਕਚਰਾਰ ਸਰਬਜੀਤ ਸਿੰਘ ਤੇ ਮੈਡਮ ਮੀਨੂੰ ਕੁਮਾਰੀ ਦੇ ਸਕੂਲ ਵਿਚ ਆਉਣ ਮਗਰੋਂ ਜਿੰਦਾ ਖ਼ੋਲ ਦਿੱਤਾ ਗਿਆ। ਇਸ ਮੌਕੇ ਇਨ੍ਹਾਂ ਲੈਕਚਰਾਰਾਂ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ। ਸਟਾਫ਼ ਦੀ ਹਾਜ਼ਰੀ ਮਗਰੋਂ ਡੀਈਓ ਮੇਵਾ ਸਿੰਘ ਸਿੱਧੂ ਤੇ ਪ੍ਰਿੰਸੀਪਲ ਚਮਕੌਰ ਸਿੰਘ ਦੀ ਹਾਜ਼ਰੀ ਵਿਚ ਸਮੂਹ ਵਿਦਿਆਰਥੀਆਂ, ਸਕੂਲ ਸਟਾਫ਼, ਮਜ਼ਦੂਰ ਕਿਸਾਨ ਜਥੇਬੰਦੀਆਂ ਤੇ ਮਾਪਿਆਂ ਦੀ ਸਾਂਝੀ ਸਭਾ ਕੀਤੀ ਗਈ। ਸਭਾ ਦੌਰਾਨ ਸਕੂਲ ਕਮੇਟੀ ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿਦਿਆਰਥੀਆਂ ਨੂੰ ਜ਼ਾਬਤੇ ’ਚ ਰੱਖਣ ਅਤੇ ਸਕੂਲ ਦੀਆਂ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਧਿਆਪਕਾਂ ਦਾ ਪੂਰਾ ਸਹਿਯੋਗ ਦੇਵੇਗੀ। ਇਸ ਸਮੇਂ ਸਰਪੰਚ ਸੁਖਪ੍ਰੀਤ ਸਿੰਘ, ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ, ਕਿਸਾਨ ਆਗੂ ਮੋਠੂ ਸਿੰਘ ਤੇ ਠੰਡੂ ਸਿੰਘ ਆਦਿ ਹਾਜ਼ਰ ਸਨ।