ਪੱਤਰ ਪ੍ਰੇਰਕ
ਅਬੋਹਰ, 3 ਜੂਨ
ਨੇੜਲੇ ਪਿੰਡ ਬਜੀਦਪੁਰ ਭੋਮਾ ’ਚ ਲੰਘੀ ਰਾਤ ਲੁਟੇਰਿਆਂ ਨੇ ਇਕ ਪੈਟਰੋਲ ਪੰਪ ਦੇ ਮੈਨੇਜਰ ਨੂੰ ਬੰਧਕ ਬਣਾ ਕੇ ਸਵਾ ਲੱਖ ਰੁਪਏ ਲੁੱਟ ਲਏ। ਸੂਚਨਾ ਮਿਲਣ ’ਤੇ ਡੀਐੱਸਪੀ ਦਿਹਾਤੀ ਅਵਤਾਰ ਸਿੰਘ ਅਤੇ ਥਾਣਾ ਬਹਾਵਵਾਲਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਬਜੀਦਪੁਰ ਭੋਮਾ ਦੇ ਸ੍ਰੀ ਬਾਲਾਜੀ ਐਨਰਜੀ ਸਟੇਸ਼ਨ ’ਤੇ ਰਾਤ ਸਮੇਂ ਪੰਪ ਮੈਨੇਜਰ ਅਤੇ ਇਕ ਬੱਸ ਦਾ ਕੰਡਕਟਰ ਸੁੱਤੇ ਹੋਏ ਸਨ। ਤੜਕੇ ਕਰੀਬ 4 ਵਜੇ ਪੈਟਰੋਲ ਪੰਪ ’ਤੇ ਚਾਰ-ਪੰਜ ਵਿਅਕਤੀ ਆਏ, ਜਿਨ੍ਹਾਂ ਨੇ ਡਾਂਗਾਂ ਦੇ ਜ਼ੋਰ ’ਤੇ ਮੈਨੇਜਰ ਅਤੇ ਬੱਸ ਕੰਡਕਟਰ ਨੂੰ ਬੰਧਕ ਬਣਾ ਲਿਆ। ਉਨ੍ਹਾਂ ਪੰਪ ਦੇ ਕਮਰੇ ਦਾ ਜਿੰਦਰਾ ਤੋੜ ਕੇ ਸਵਾ ਲੱਖ ਰੁਪਏ ਕੱਢ ਲਏ ਅਤੇ ਕੰਡਕਟਰ ਕੋਲੋਂ ਵੀ 11 ਹਜ਼ਾਰ 300 ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਜਾਂਦੇ ਸਮੇਂ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਉਤਾਰ ਲਿਆ ਅਤੇ ਆਪਣੇ ਨਾਲ ਲੈ ਲਿਆ ਅਤੇ ਕੈਮਰਿਆਂ ਦੀਆਂ ਤਾਰਾਂ ਵੀ ਵੱਢ ਦਿੱਤੀਆਂ। ਸਵੇਰੇ ਘਟਨਾ ਦੀ ਸੂਚਨਾ ਮਿਲਣ ’ਤੇ ਬਹਾਵਵਾਲਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਪਰੰਤ ਡੀਐੱਸਪੀ ਦਿਹਾਤੀ ਅਵਤਾਰ ਸਿੰਘ ਨੇ ਵੀ ਪੰਪ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।