ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 9 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕਿਸੇ ਵੀ ਤਬਕੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਪਿਛਲੇ ਦਿਨੀਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲੰਬੇ ਸਮੇਂ ਤੋਂ ਜ਼ਮੀਨਾਂ ਉੱਪਰ ਕਾਬਜ਼ ਅਬਾਦਕਾਰਾਂ ਅਤੇ ਭਾਰਤ ਮਾਲਾ ਜਿਹੇ ਪ੍ਰਾਜੈਕਟਾਂ ਅਧੀਨ ਆਉਂਦੀ ਜ਼ਮੀਨ ਤੋਂ ਕਿਸਾਨਾਂ ਨੂੰ ਜਬਰੀ ਉਜਾੜਨ ਦਾ ਮਸਲਾ ਵਿਚਾਰਿਆ ਗਿਆ। ਜਥੇਬੰਦੀ ਦੇ ਸੂਬਾਈ ਆਗੂਆਂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਅਖੌਤੀ ਵਿਕਾਸ ਦੇ ਨਾਂ ’ਤੇ ਭਾਰਤ ਮਾਲਾ ਵਰਗੇ ਸੜਕੀਂ ਪ੍ਰਾਜੈਕਟਾਂ ਹੇਠ ਲੱਖਾਂ ਏਕੜ ਉਪਜਾਊ ਜ਼ਮੀਨ ਨਿਗੂਣੇ ਮੁਆਵਜ਼ਿਆਂ ਅਧੀਨ ਹੜੱਪ ਰਹੀ ਹੈ, ਜਦ ਕਿ ਇਹ ਸੜਕਾਂ ਦਾ ਜਾਲ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬੁਣਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਬਾਈਪਾਸ ਬਣਾਉਣ ਦੇ ਬਹਾਨੇ ਲੱਖਾਂ ਝੱੁਗੀਆਂ ਝੌਂਪੜੀਆਂ ਨੂੰ ਬਿਨਾਂ ਕਿਸੇ ਬਦਲਵੀਂ ਰਿਹਾਇਸ਼ ਮੁਹੱਈਆ ਕਰਵਾਇਆਂ ਉਜਾੜਿਆ ਜਾ ਰਿਹਾ ਹੈ। ਆਮ ਲੋਕਾਂ ਨੂੰ ਭਾਰਤ ਮਾਲਾ ਅਧੀਨ ਉਸਾਰੀਆਂ ਜਾ ਰਹੀਆਂ ਸੜਕਾਂ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਜਬਰੀ ਉਜਾੜੇ ਦੀ ਨੀਤੀ ਬੰਦ ਕਰੇ। ਜਥੇਬੰਦੀ ਨੇ ਯਕੀਨ ਦਵਾਇਆ ਕਿ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਦੇ ਸੰਘਰਸ਼ ਦਾ ਪੂਰਾ ਸਾਥ ਦਿੱਤਾ ਜਾਵੇਗਾ।