ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 17 ਮਾਰਚ
ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਪਿੰਡ ਮਾਛੀਕੇ ਦੀ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਐਕੁਆਇਰ ਕੀਤੀ ਜਗ੍ਹਾ ਦਾ ਮੁਆਵਜ਼ਾ ਨਾ ਮਿਲਣ ’ਤੇ ਚੌਥੀ ਵਾਰ ਸੜਕ ਦਾ ਕੰਮ ਸ਼ੁਰੂ ਹੋਣ ’ਤੇ ਪੀੜਤ ਪਰਿਵਾਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕੰਮ ਰੁਕਵਾ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ, ਪਿੰਡ ਮਾਛੀਕੇ ਵਾਸੀ ਸਰਬਜੀਤ ਸਿੰਘ, ਬੇਅੰਤ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਨੌਂ ਹਿੱਸੇਦਾਰਾਂ ਦੀ ਕਰੀਬ 83 ਮਰਲੇ ਜ਼ਮੀਨ ਸੜਕ ਖੇਤਰ ਦੀ ਗਿਣਤੀ ’ਚ ਆਉਣ ਦੇ ਬਾਵਜੂਦ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੇ ਪਹਿਲਾਂ ਵੀ ਧਰਨਿਆਂ ਵੇਲੇ ਭਰੋਸਾ ਦਿਵਾਇਆ ਸੀ ਕਿ ਸਾਰੇ ਚੈੱਕ ਦੇਣ ਤੋਂ ਬਾਅਦ ਹੀ ਸੜਕ ਦਾ ਕੰਮ ਚਲਾਇਆ ਜਾਵੇਗਾ ਪਰ ਅੱਜ ਚੈੱਕ ਦੇਣ ਤੋਂ ਬਗੈਰ ਹੀ ਅਧਿਕਾਰੀਆਂ ਨੇ ਮੁੜ ਕੰਮ ਸ਼ੁਰੂ ਕਰਵਾ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਧੱਕੇ ਨਾਲ ਬਿਨਾਂ ਪੂਰਾ ਮੁਆਵਜ਼ਾ ਦਿੱਤਿਆਂ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਨਤਕ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਕੌਰ, ਜੋਤ ਕੌਰ, ਪਵਿੱਤਰ ਕੌਰ, ਬਲਵਿੰਦਰ ਕੌਰ, ਗੋਰਾ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਦੂਰੇ ਪਾਸੇ ਠੇਕੇਦਾਰਾਂ ਨੇ ਕਿਹਾ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ’ਤੇ ਹੀ ਕੰਮ ਸ਼ੁਰੂ ਕੀਤਾ ਗਿਆ।