ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ 12 ਸਤੰਬਰ
ਪੰਜਾਬ ਮੰਡੀ ਵੱਲੋਂ ਕੈਨਾਲ ਕਲੋਨੀ ਰੋਡ (ਸੂਆ ਰੋਡ) ਤੋਂ ਪਿੱਪਲ ਵਾਲੇ ਫਾਟਕ ਤੱਕ ਲੰਘੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਨਵੀਂ ਬਣਾਈ ਗਈ ਸੜਕ ਨੂੰ ਉਕਤ ਸੜਕ ਦੇ ਨਜ਼ਦੀਕ ਕੱਟੀ ਜਾ ਰਹੀ ਕਲੋਨੀ ਵਿਚ ਪਾਈ ਜਾ ਰਹੀ ਮਿੱਟੀ ਦੀ ਭਰਥ ਲਈ ਵਰਤੇ ਜਾ ਰਹੇ ਟਿੱਪਰਾਂ ਵੱਲੋਂ ਨੁਕਸਾਨੇ ਜਾਣ ’ਤੇ ਪੰਜਾਬ ਮੰਡੀ ਬੋਰਡ ਵੱਲੋਂ ਸਖਤ ਨੋਟਿਸ ਲੈਂਦਿਆਂ ਇਸ ਸਬੰਧੀ ਐੱਸ.ਡੀ.ਐੱਮ. ਗਿੱਦੜਬਾਹਾ ਨੂੰ ਪੱਤਰ ਲਿਖਿਆ ਗਿਆ ਹੈ।
ਪੰਜਾਬ ਮੰਡੀ ਬੋਰਡ ਦੇ ਐੱਸਡੀਓ ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਸੜਕ ’ਤੇ ਵਾਟਰ ਸਪਲਾਈ ਸੀਵਰੇਜ ਵਿਭਾਗ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਸੀਵਰੇਜ ਦਾ ਕੰਮ ਕੀਤਾ ਗਿਆ ਸੀ, ਜੋ ਕਿ ਲਗਭਗ 10 ਫੁੱਟ ਡੂੰਘਾ ਹੋਣ ਕਾਰਨ ਪੰਜਾਬ ਮੰਡੀ ਬੋਰਡ ਵੱਲੋਂ ਕਰੀਬ ਡੇਢ ਸਾਲ ਬਾਅਦ ਉਕਤ ਸੜਕ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸੜਕ ਦੇ ਨਾਲ ਲੱਗਦੇ ਖੇਤਾਂ ਵਿਚ ਕਲੋਨੀ ਕੱਟੀ ਜਾ ਰਹੀ ਹੈ ਅਤੇ ਇਸ ਕਲੋਨੀ ਵਿਚ ਮਿੱਟੀ ਦੀ ਭਰਥ ਓਵਰਲੋਡ ਟਿੱਪਰਾਂ ਨਾਲ ਪਾਈ ਜਾ ਰਹੀ ਹੈ। ਉਕਤ ਸੜਕ ਅਤੇ ਇਸ ’ਤੇ ਬਣੇ ਖਾਲਾਂ ਅਤੇ ਖੇਤਾਂ ਦਾ ਉਕਤ ਓਵਰਲੋਡ ਟਿੱਪਰਾਂ ਵੱਲੋਂ ਭਾਰੀ ਨੁਕਸਾਨ ਕੀਤਾ ਗਿਆ ਹੈ ਅਤੇ ਸੜਕ ਜਗ੍ਹਾ ਜਗ੍ਹਾ ਤੋਂ ਬੈਠ ਗਈ ਹੈ। ਕਲੋਨੀ ਕੱਟਣ ਸਬੰਧੀ ਕਿਸੇ ਵੀ ਵਿਅਕਤੀ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਨਹੀਂ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਐੱਨ.ਓ.ਸੀ. ਪੰਜਾਬ ਮੰਡੀ ਬੋਰਡ ਤੋਂ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉਕਤ ਸੜਕ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਕਰਕੇ ਸੜਕ ਦੇ ਨੁਕਸਾਨ ਦੀ ਭਰਪਾਈ ਕਰਵਾਉਣ, ਓਵਰਲੋਡ ਟਿੱਪਰਾਂ ਨੂੰ ਰੋਕਣ ਲਈ ਅਤੇ ਕਲੋਨੀ ਨਾਲ ਸਬੰਧਤ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਐੱਸ.ਡੀ.ਐੱਮ. ਗਿੱਦੜਬਾਹਾ ਨੂੰ ਇਕ ਪੱਤਰ ਲਿਖਿਆ ਹੈ।ਇਸ ਸਬੰਧੀ ਐੱਸਡੀਐੱਮ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਟਿੱਪਰਾਂ ਰਾਹੀ ਪੈ ਰਹੀ ਭਰਥ ਦਾ ਕੰਮ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਬੰਦ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੱਟੀ ਜਾ ਰਹੀ ਕਾਲੋਨੀ ਸਬੰਧੀ ਐੱਨਓਸੀ ਲੈਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਿਸ ਮਗਰੋਂ ਕਾਰਵਾਈ ਕੀਤੀ ਜਾਵੇਗੀ।