ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਾਰਚ
ਮਾਲਵਾ ਖੇਤਰ ਵਿਚਲੇ ਮੌਸਮ ਵਿਚ ਆਈ ਅਚਾਨਕ ਤਬਦੀਲੀ ਨੇ ਕਣਕ ਦੇ ਭਰਪੂਰ ਝਾੜ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਦਿਨ ਵੇਲੇ ਤਾਪਮਾਨ ਵਧਣ ਕਰਕੇ ਬਹੁਤ ਸਾਰੇ ਖੇਤਰਾਂ ਵਿਚ ਪਛੇਤੀਆਂ ਕਣਕਾਂ ਨੇ ਨਿਸਰਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਖੇਤੀ ਮਾਹਿਰਾਂ ਨੇ ਖਤਰੇ ਦੀ ਘੰਟੀ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਣਕ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਹੈ। ਇਸ ਖੇਤਰ ਵਿਚੋਂ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਠੰਢ ਅਚਾਨਕ ਹੀ ਅਲੋਪ ਹੋ ਗਈ ਹੈ, ਇਹ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਵਾਸਤੇ ਸ਼ੁਭ ਨਹੀਂ ਕਹੀ ਜਾ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਨੇ ਮਾਲਵਾ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਇਨ੍ਹੀਂ ਦਿਨੀਂ ਠੰਢ ਦੀ ਜ਼ਿਆਦਾ ਲੋੜ ਹੁੰਦੀ ਹੈ। ਇਥੇ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿਚ ਆਮ ਤੌਰ ’ਤੇ ਨਰਮੇ ਦੀ ਫ਼ਸਲ ਜ਼ਿਆਦਾ ਹੋਣ ਕਰਕੇ ਕਣਕ ਦੀ ਬਿਜਾਈ ਅਕਸਰ ਲੇਟ ਹੀ ਹੋ ਜਾਂਦੀ ਹੈ, ਇਸ ਲੇਟ ਬਿਜਾਈ ਕਰਕੇ ਪਹਿਲਾਂ ਹੀ ਕਣਕ ਦੇ ਕੰਮਜ਼ੋਰ ਰਹਿਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਉਧਰ ਹੁਣ ਇਸ ਅਚਾਨਕ ਗਰਮੀ ਤੋਂ ਪੈਦਾ ਹੋਈ ਸਥਿਤੀ ਸਬੰਧੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹੇ ਵਿਚ ਬਕਾਇਦਾ ਰੂਪ ਵਿਚ ਫ਼ਸਲ ਸਬੰਧੀ ਇੱਕ ਸਰਵੇਖਣ ਸ਼ੁਰੂ ਕਰਵਾਇਆ ਹੈ। ਇਸ ਸਰਵੇ ਵਿਚ ਫ਼ਸਲ ਦੀ ਹੁਣ ਤੱਕ ਦੀ ਸਥਿਤੀ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਮਹਿਕਮੇ ਦੀ ਪੜਤਾਲੀਆ ਰਿਪੋਰਟ ਤੋਂ ਫਿਲਹਾਲ ਇਹੋ ਜਾਣਕਾਰੀ ਮਿਲੀ ਹੈ ਕਿ ਅਜੇ ਤੱਕ ਫ਼ਸਲ ਸਥਿਰ ਸਥਿਤੀ ਵਿਚ ਹੈ ਅਤੇ ਕਿਸਾਨਾਂ ਵਲੋਂ ਕਣਕ ਨੂੰ ਸੰਭਾਲਣ ਦਾ ਸਹੀ ਸਮਾਂ ਹੈ। ਖੇਤੀਬਾੜੀ ਵਿਭਾਗ ਨੇ ਹਰ ਬਲਾਕ ਵਿਚਲੇ ਅਫ਼ਸਰਾਂ ਨੇ ਪਿੰਡਾਂ ਵਿਚ ਜਾ ਕੇ ਕਣਕ ਦੇ ਖੇਤਾਂ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਕਾਸ ਅਫ਼ਸਰਾਂ ਨੇ ਕਿਸਾਨਾਂ ਨੂੰ ਹਰ ਹਾਲਤ ਵਿਚ ਕਣਕ ਨੂੰ ਪਾਣੀ ਦਿੰਦੇ ਰਹਿਣ ਦਾ ਹੋਕਾ ਦਿੱਤਾ ਹੈ।