ਨਿਜੀ ਪੱਤਰ ਪ੍ਰੇਰਕ
ਮੋਗਾ, 22 ਅਪਰੈਲ
ਪੰਜਾਬ ਸਮਾਲ ਰਾਈਸ ਮਿਲਰਜ਼ ਐਸੋਸੀਏਸ਼ਨ ਨੇ ਕੰਨਾਂ ’ਚ ਤੇਲ ਪਾ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਖੇਤੀਬਾੜੀ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਸੁਆਲ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਤੇ ਨਕਲੀ ਖਾਦ ਤੇ ਬੀਜਾਂ ਦੀ ਵਿਕਰੀ ਰੋਕਣ ਦੀ ਮੰਗ ਕੀਤੀ। ਚੌਲ ਮਿੱਲ ਮਾਲਕਾਂ ਨੇ ਮੰਗ ਪੱਤਰ ਵਿੱਚ ਆਖਿਆ ਕਿ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ ਬਿਲਕੁਲ ਨੇੜੇ ਹੈ। ਪਿਛਲੇ ਸਾਲਾਂ ਦੌਰਾਨ ਝੋਨੇ ਦੇ ਨਕਲੀ ਤੇ ਗੈਰਮਿਆਰੀ ਬੀਜਾਂ ਦੀ ਵੱਡੀ ਮਾਤਰਾ ’ਚ ਵਿੱਕਰੀ ਹੋਣ ਕਾਰਨ ਜਿਥੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਉਥੇ ਚੌਲ ਮਿੱਲ ਮਾਲਕਾਂ ਨੂੰ ਵੀ ਦਿੱਕਤਾਂ ਆਈਆਂ। ਖੇਤੀ ਬਾੜੀ ਵਿਭਾਗ ਦੀ ਅਣਗਿਹਲੀ ਕਾਰਨ ਗੈਰਮਿਆਰੀ ਬੀਜਾਂ ਦੀ ਵਿੱਕਰੀ ਧੜੱਲੇ ਨਾਲ ਹੋ ਰਹੀ ਹੈ। ਖੇਤੀਬਾੜੀ ਵਿਭਾਗ ਗੈਰਮਿਆਰੀ ਬੀਜਾਂ ਦੀ ਵਿੱਕਰੀ ਹੋਣ ਦੀ ਪੁਸ਼ਟੀ ਮਗਰੋਂ ਡੀਲਰ ਜਾਂ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਦੀ ਬਜਾਏ ਦਲਾਲ ਬਣ ਕੇ ਕਿਸਾਨਾਂ ਨਾਲ ਰਾਜੀਨਾਮੇ ਕਰਵਾ ਰਿਹਾ ਹੈ। ਖੇਤੀਬਾੜੀ ਅਧਿਕਾਰੀ ਖਾਦ-ਬੀਜ ਡੀਲਰਾਂ ਦੀ ਮਿਲੀਭੁਗਤ ਨਾਲ ਮਿਆਰੀ ਬੀਜ ਦੇ ਨਮੂਨੇ ਭਰਕੇ ਖਾਨਾ ਪੂਰਤੀ ਕਰ ਰਹੇ ਹਨ। ਚੌਲ ਮਿੱਲ ਮਾਲਕਾਂ ਨੇ ਨਕਲੀ, ਗੈਰਮਿਆਰੀ ਤੇ ਹਾਈਬਰਿਡ ਬੀਜਾਂ ਦੀ ਵਿਕਰੀ ’ਤੇ ਪਾਬੰਦੀ ਦੀ ਮੰਗ ਕੀਤੀ ਹੈ। ਜੇ ਖੇਤੀਬਾੜੀ ਵਿਭਾਗ ਵੱਲੋਂ ਕੋਈ ਸਖਤ ਕਾਰਵਾਈ ਨਾ ਹੋਈ ਜੱਥੇਬੰਦੀ ਸੰਘਰਸ਼ ਲਈ ਕਰਨ ਮਜਬੂਰ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ ਵਿਭਾਗ ਹਮੇਸ਼ਾ ਕਿਸਾਨਾਂ ਦੀ ਬਿਹਤਰੀ ਲਈ ਹਾਜ਼ਰ ਹੈ। ਜਿੱਥੋਂ ਤੱਕ ਖੇਤੀ ਇਨਪੁਟਸ ਦੀ ਕੁਆਲਟੀ ਕੰਟਰੋਲ ਦਾ ਸਵਾਲ ਹੈ, ਵਿਭਾਗ ਵੱਲੋਂ ਹਰ ਸੀਜ਼ਨ ’ਚ ਖੇਤੀ ਇਨਪੁਟਸ ਦੇ ਵਿਕਰੇਤਾਵਾਂ ਤੋਂ ਸੈਂਪਲ ਭਰੇ ਜਾਂਦੇ ਹਨ ਤੇ ਸੈਂਪਲ ਮਿਸ ਬਰਾਂਡਿਡ ਹੋਣ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।