ਜਗਤਾਰ ਅਨਜਾਣ
ਮੌੜ ਮੰਡੀ, 20 ਜੁਲਾਈ
ਪਿੰਡ ਮੰਡੀ ਖੁਰਦ ਦੇ ਇਕ ਕਿਸਾਨ ਪਰਿਵਾਰ ਵੱਲੋਂ ਪਾਣੀ ਦੀ ਸੰਭਾਲ ਲਈ ਕੀਤੇ ਉਪਰਾਲੇ ਨੂੰ ਦੇਖਣ ਲਈ ਅੱਜ ਜ਼ਿਲ੍ਹਾ ਪੰਚਾਇਤ ਅਫ਼ਸਰ ਦੀ ਅਗਵਾਈ ਹੇਠ ਇਕ ਕੇਂਦਰੀ ਟੀਮ ਨੇ ਪਿੰਡ ਦਾ ਦੌਰਾ ਕੀਤਾ। ਟੀਮ ਨੇ ਨਹਿਰੀ ਪਾਣੀ ਦੀ ਸੰਭਾਲ ਲਈ ਬਣਾਏ ਖੂਹ ਦਾ ਜਾਇਜ਼ਾ ਲਿਆ।
ਉੱਦਮੀ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਡੀਡੀਪੀਓ ਬਠਿੰਡਾ ਨੀਰੂ ਗਰਗ ਦੀ ਅਗਵਾਈ ਹੇਠ ਕੇਂਦਰੀ ਟੀਮ ਦੇ ਮੈਂਬਰਾਂ ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਬਾਰੇ ਸੰਯੁਕਤ ਸਕੱਤਰ ਯਤਿੰਦਰ ਪ੍ਰਸਾਦ ਅਤੇ ਤਕਨੀਕੀ ਸਲਾਹਕਾਰ ਜੈਸ਼ ਦੇਵਕੁਲੇ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਅਤੇ ਪਾਣੀ ਦੀ ਸੰਭਾਲ ਲਈ ਬਣਾਏ ਖੂਹ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਵੇਲੇ ਡੀਡੀਪੀਓ ਨੀਰੂ ਗਰਗ ਨੇ ਕਿਹਾ ਕਿ ਮੰਡੀ ਖੁਰਦ ਦੇ ਪਰਿਵਾਰ ਵੱਲੋਂ ਨਹਿਰੀ ਪਾਣੀ ਦੀ ਸੰਭਾਲ ਲਈ ਕੀਤਾ ਗਿਆ ਇਹ ਇਕ ਵੱਡਾ ਉੱਦਮ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਮਦਦ ਮਿਲੇਗੀ। ਬੀਡੀਪੀਓ ਮਨਜੋਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਨਹਿਰੀ ਪਾਣੀ ਲਈ ਟੇਲ ’ਤੇ ਪੈਂਦਾ ਹੋਣ ਕਰ ਕੇ ਅਕਸਰ ਬਰਸਾਤ ਦੇ ਦਿਨਾਂ ਵਿੱਚ ਕਿਸਾਨਾਂ ਨੂੰ ਵਾਧੂ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪਾਣੀ ਸੰਭਾਲ ਖੂਹ ਰਾਹੀਂ ਜਿੱਥੇ ਵਾਧੂ ਨਹਿਰੀ ਪਾਣੀ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਵਿੱਚ ਸਹਾਈ ਹੋਵੇਗਾ, ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਵਾਧੂ ਨਹਿਰੀ ਪਾਣੀ ਦੀ ਮਾਰ ਤੋਂ ਬਚਾਉਣ ਵਿੱਚ ਮਦਦ ਮਿਲੇਗੀ। ਇਸ ਮੌਕੇ ਹਾਜ਼ਰ ਕਿਸਾਨ ਜਗਤਾਰ ਸਿੰਘ ਨੇ ਕਿਹਾ ਕਿ ਖੂਹ ਨੂੰ ਪੂਰੀ ਤਕਨੀਕ ਨਾਲ ਬਣਾਇਆ ਗਿਆ ਹੈ, ਜਿਸ ਵਿੱਚ ਪਾਣੀ ਨੂੰ ਫਿਲਟਰ ਕਰਨ ਲਈ ਤਿੰਨ ਡਿੱਗੀਆਂ ਬਣਾਉਣ ਦੇ ਨਾਲ-ਨਾਲ ਖੂਹ ਵਿੱਚ ਕੰਕਰੀਟ ਦੀਆਂ ਪਰਤਾਂ ਬਣਾ ਕੇ ਪਾਈਆਂ ਹਨ ਤਾਂ ਜ਼ੋ ਸਾਫ਼ ਕਰ ਕੇ ਪਾਣੀ ਧਰਤੀ ਵਿੱਚ ਭੇਜਿਆ ਜਾ ਸਕੇ।
ਕੇਂਦਰੀ ਟੀਮ ਵੱਲੋਂ ਉੱਦਮੀ ਨੌਜਵਾਨ ਗੁਰਤੇਜ ਸਿੰਘ ਤੇ ਜਗਤਾਰ ਸਿੰਘ ਵੱਲੋਂ ਨਿੱਜੀ ਜ਼ਮੀਨ ’ਤੇ ਪਾਣੀ ਸੰਭਾਲ ਅਤੇ ਬੂਟੇ ਲਗਾਉਣ ਦੀ ਪਾਈ ਨਵੀਂ ਪਿਰਤ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੀਪ ਸਿੰਘ ਜੀਓਜੀ, ਪੰਚ ਰਣਜੀਤ ਸਿੰਘ, ਪੰਚ ਜਗਮੇਲ ਸਿੰਘ, ਬਹਾਦਰ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।