ਨਿਜੀ ਪੱਤਰ ਪ੍ਰੇਰਕ
ਮੋਗਾ, 18 ਅਪਰੈਲ
ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸਨ ਨੇ ਸੂਬਾ ਸਰਕਾਰ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਨੋਟਿਸ ਦਿੰਦਿਆਂ ਕਿਹਾ ਕਿ 22 ਅਪਰੈਲ ਤੱਕ ਜੇ ਸਰਕਾਰ ਨੇ ਉਨ੍ਹਾਂ ਦੀਆਂ ਸੁਰੱਖਿਆ ਫੰਡ ਆਦਿ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਾਰੇ ਮਾਲ ਅਫਸਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਖੇਤਰੀ ਡਿਊਟੀਆਂ ਦਾ ਬਾਈਕਾਟ ਕਰਨਗੇ। ਐਸੋਸੀਏਸਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਤੇ ਸੂਬਾ ਜਨਰਲ ਸਕੱਤਰ ਸੁਖਚਰਨਜੀਤ ਸਿੰਘ ਚੰਨੀ ਨੇ ਜਾਰੀ ਬਿਆਨ ’ਚ ਆਖਿਆ ਕਿ ਮਾਲ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨਾਲ ਬੀਤੀ 5 ਅਪਰੈਲ 2022 ਨੂੰ ਵੀ ਮਾਲ ਅਫਸਰਾਂ ਦੀ ਸੁਰੱਖਿਆ ਵਰਗੇ ਕਈ ਗੰਭੀਰ ਮੁੱਦੇ ਉਠਾਏ ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਸੀ। ਸੂਬੇ ’ਚ ਰਾਜ ਬਦਲਣ ਨਾਲ ਮਾਲ ਵਿਭਾਗ ਜਨਤਾ ਦੇ ਰਾਡਾਰ ’ਤੇ ਹੈ ਤੇ ਇਨ੍ਹਾਂ ਵਿਵਸਥਾਵਾਂ ਦੀ ਘਾਟ ਕਾਰਨ ਫੀਲਡ ਅਫਸਰਾਂ ਨੂੰ ਅਪਮਾਨਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।