ਨਿੱਜੀ ਪੱਤਰ ਪ੍ਰੇਰਕ
ਧਨੌਲਾ, 2 ਜੁਲਾਈ
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਮਾਰੇ ਛਾਪੇ ਦਾ ਧਨੌਲਾ ਸਬ-ਤਹਿਸੀਲ ਦੇ ਅਮਲੇ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ਬਾਰੇ ਫਾਰਮਰ ਲੀਗਲ ਏਡ ਸੁਸਾਇਟੀ ਨੇ ਅੱਜ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਸੁਸਾਇਟੀ ਦੀ ਕਨਵੀਨਰ ਗੁਰਮੀਤ ਕੌਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਕੁਝ ਭਾਰ ਮੁਕਤ ਸਰਟੀਫਿਕੇਟ ਬਣਵਾਉਣ ਗਈ ਤਾਂ ਸਬੰਧਤ ਕਰਮਚਾਰੀ ਨੇ ਸ਼ਰ੍ਹੇਆਮ ਰਿਸ਼ਵਤ ਦੀ ਮੰਗ ਕੀਤੀ। ਪੱਤਰਕਾਰਾਂ ਦੀ ਹਾਜ਼ਰੀ ਵਿਚ ਮਾਮਲਾ ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ ਕੋਲ ਵੀ ਗਿਆ ਪਰ ਉਨ੍ਹਾਂ ਨੇ ‘ਖਿਆਲ ਰੱਖਿਆ ਕਰੋ’ ਆਖ ਕੇ ਗੱਲ ਟਿਕਾ ਦਿੱਤਾ। ਤਹਿਸੀਲ ਵਿਚ ਕੰਮ ਕਰਦੇ ਲੋਕਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਬ ਤਹਿਸੀਲ ਵਿਚ ਰਿਸ਼ਵਤ ਲੈਣ ਲਈ ਇਕ ਲੜਕਾ ਰੱਖਿਆ ਗਿਆ ਹੈ, ਜੋ ਬਿਨਾਂ ਤਨਖਾਹ ਤੋਂ ‘ਸੇਵਾ’ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਕੇ ਸਾਰੇ ਹਾਲਾਤ ਤੋਂ ਜਾਣੂੰ ਕਰਵਾਇਆ ਗਿਆ ਹੈ। ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ ਨੇ ਆਖਿਆ ਕਿ ਉਨ੍ਹਾਂ ਨੇ ਰਿਸ਼ਵਤ ਮੰਗਣ ਵਾਲੇ ਕਰਮਚਾਰੀ ਨੂੰ ਸਖ਼ਤ ਤਾੜਨਾ ਕਰ ਦਿੱਤੀ ਸੀ।