ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਪਰੈਲ
ਸੂਬੇ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਸਕੱਤਰੇਤ ਸਥਿਤ ਤਹਿਸੀਲ ਦਫ਼ਤਰ ’ਤੇ ਛਾਪਾ ਮਾਰਿਆ। ਉਨ੍ਹਾਂ ਸੇਵਾ ਕੇਂਦਰ, ਫ਼ਰਦ ਕੇਂਦਰ ਤਹਿਸੀਲਦਾਰ ਦੀ ਵਿਸ਼ੇਸ਼ ਜਾਂਚ ਕੀਤੀ। ਇਸ ਮੌਕੇ ਮੰਤਰੀ ਸੇਵਾ ਕੇਂਦਰ ਅੰਦਰ ਲੋਕਾਂ ਦੀ ਭੜ ਦੇਖ ਭੜਕ ਗਏ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਬੰਦ ਪਏ ਸੇਵਾ ਕੇਂਦਰ ਲੋੜ ਮੁਤਾਬਕ ਮੁੜ੍ਹ ਖੋਲ੍ਹੇ ਜਾਣਗੇ। ਇਸ ਮੌਕੇ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੀਡਆ ਨੂੰ ਕਿਹਾ ਕਿ ਉਨ੍ਹਾਂ ਨੂੰ ਇਥੇ ਲੱਖਾਂ ਰੁਪਏ ਦੀ ਅਸ਼ਟਾਮ ਫੀਸ ਚੋਰੀ ਕਰਨ ਦੀ ਖਬਰ ਮਿਲੀ ਹੈ। ਜਿਸ ਕਾਰਨ ਉਹ ਜਾਂਚ ਲਈ ਪੁੱਜੇ ਹਨ। ਉਨ੍ਹਾਂ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੀ ਭਲਕ ਤੱਕ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ ਉੱਤੇ ਹੀ ਇਸ ਮਾਮਲੇ ’ਤੇ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਅਚਾਨਕ ਦੌਰੇ ਦਾ ਮਕਸਦ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨਾ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੀ ਜਾਂਚ ਕੀਤੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬੇ ’ਚ ਭ੍ਰਿਸਟਚਾਰ ਮੁਕਤ ਸ਼ਾਸਨ ਦੇਣ ਲਈ ਵਚਨਵੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅਧਿਕਾਰੀਆਂ ਦੇ ਹੱਕ ’ਚ ਸਟੈਂਡ ਲੈਦਿਆਂ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਇਥੇ ਮੋਗਾ ਐੱਸਡੀਐੱਮ ਕੋਲ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਸਣੇ ਤਿੰਨ ਸਬ ਡਿਵੀਜ਼ਨਾਂ ਦੇ ਚਾਰਜ ਹਨ। ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਤੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਦਾ ਵੀ ਵਾਧੂ ਚਾਰਜ ਹੈ। ਉਨ੍ਹਾਂ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਦਿਹਾਤੀ ਸੇਵਾ ਕੇਂਦਰ ਤਤਕਾਲੀ ਕਾਂਗਰਸ ਸਰਕਾਰ ਨੇ ਬੰਦ ਕੀਤੇ ਸਨ ਤਾਂ ਮੰਤਰੀ ਦੇ ਤੇਵਰ ਠੰਢੇ ਪੈ ਗਏ ਤੇ ਉਨ੍ਹਾਂ ਡੀਸੀ ਨੂੰ ਇਹ ਸੇਵਾ ਕੇਂਦਰ ਚਾਲੂ ਕਰਨ ਲਈ ਸਰਕਾਰ ਨਾਲ ਪੱਤਰ ਵਿਹਾਰ ਕਰਨ ਲਈ ਆਖਿਆ। ਡੀਸੀ ਨੇ ਕਿਹਾ ਕਿ ਅਧਿਕਾਰੀਆਂ, ਸਟਾਫ ਦੀ ਘਾਟ ਕੁਝ ਹੋਰ ਊਣਤਾਈਆਂ ਹੋਣ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਜਾਂਦੀ ਹੈ।
ਵਿਵਾਦਤ ਰਜਿਸਟਰੀ ਕਰਨ ਵਾਲੇ ਤਹਿਸੀਲਦਾਰ ਕਮ ਸਬ ਰਜਿਸਟਰਾਰ ਪਰਵੀਨ ਕੁਮਾਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੋਈ ਗਲਤ ਰਜਿਸਟਰੀ ਨਹੀਂ ਕੀਤੀ। ਸਬੰਧਤ ਵਿਅਕਤੀ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਤੇ ਰਜਿਸਟਰੀ ਵਿੱਚ ਦਰਜ ਜ਼ਮੀਨ ਦੇ ਕੁਲੈਕਟਰ ਕੋਡ ਮੁਤਾਬਕ ਅਸ਼ਟਾਮ ਡਿਉਟੀ ਠੀਕ ਜਮਾਂ ਹੋਈ ਹੈ ਜੇ ਧਿਰਾਂ ਨੇ ਕੋਈ ਗਲਤ ਬਿਆਨੀ ਕੀਤੀ ਹੈ ਜਾਂ ਕੋਈ ਤੱਥ ਛੁਪਾਕੇ ਕੋਈ ਅਸ਼ਟਾਮ ਫੀਸ ਚੋਰੀ ਕੀਤੀ ਹੈ ਤਾਂ ਰਜਿਸਟਰੇਸ਼ਨ ਐਕਟ ਦੀ ਧਾਰਾ 47 ਏ ਤਹਿਤ ਕੁਲੈਕਟਰ ਵੱਲੋਂ ਵਸੂਲੀ ਜਾ ਸਕਦੀ ਹੈ।