ਜਸਵੰਤ ਜੱਸ
ਫ਼ਰੀਦਕੋਟ, 15 ਫ਼ਰਵਰੀ
ਇੱਥੋਂ ਦੇ ਸਾਬਕਾ ਰਿਜਨਲ ਟਰਾਂਸਪੋਰਟ ਸਕੱਤਰ ਨੂੰ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਜਨਰਲ ਸੁਰਜੀਤ ਸਿੰਘ ਨੇ ਆਪਣੀ ਜਾਂਚ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਫ਼ਰੀਦਕੋਟ ਦੇ ਸਾਬਕਾ ਰਿਜਨਲ ਟਰਾਂਸਪੋਰਟ ਸਕੱਤਰ ਤਰਸੇਮ ਚੰਦ ਨੂੰ ਮੁਕਤਸਰ ਜ਼ਿਲ੍ਹੇ ਦੇ ਨਿੱਜੀ ਟਰਾਂਸਪੋਰਟਰ ਅਤੇ ਆਰ.ਟੀ.ਏ. ਦਫ਼ਤਰ ਦੇ ਕੁਝ ਏਜੰਟਾਂ ਅਤੇ ਮੁਲਾਜ਼ਮਾਂ ਨੇ ਸਾਜਿਸ਼ ਤਹਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਾਇਆ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਦੀ ਮੁਹਾਲੀ ਟੀਮ ਨੇ 23 ਜੂਨ 2020 ਨੂੰ ਫ਼ਰੀਦਕੋਟ ਦੇ ਸਕੱਤਰੇਤ ਵਿੱਚ ਛਾਪਾ ਮਾਰ ਕੇ ਉਸ ਵੇਲੇ ਦੇ ਆਰ.ਟੀ.ਏ. ਤਰਸੇਮ ਚੰਦ ਅਤੇ ਉਸ ਦੇ ਡਰਾਈਵਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਾਜ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੀਆਂ ਚਾਰ ਨਿੱਜੀ ਟੂਰਿਸਟ ਬੱਸਾਂ ਹਨ ਜਿਨ੍ਹਾਂ ਨੂੰ ਚਲਾਉਣ ਲਈ ਆਰ.ਟੀ.ਏ. ਨੇ ਕਥਿਤ ਤੌਰ ’ਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕੀਤੀ। ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਤਰਸੇਮ ਚੰਦ ਨੇ ਬਾਜ ਸਿੰਘ ਤੋਂ ਅਜਿਹੀ ਰਿਸ਼ਵਤ ਕਦੇ ਨਹੀਂ ਮੰਗੀ ਅਤੇ ਨਾ ਹੀ ਰਿਸ਼ਵਤ ਦੇ ਪੈਸੇ ਉਸ ਕੋਲੋਂ ਬਰਾਮਦ ਹੋਏ। ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫੋਨ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਹੈ ਕਿ ਵਿਜੀਲੈਂਸ ਵਿਭਾਗ ਅਤੇ ਨਿੱਜੀ ਟਰਾਂਸਪੋਰਟਰਾਂ ਦੇ ਛਾਪੇ ਤੋਂ ਪਹਿਲਾਂ ਆਪਸ ਵਿੱਚ 21 ਵਾਰ ਗੱਲ ਹੋਈ।
ਦੱਸਣਯੋਗ ਹੈ ਕਿ ਫਰੀਦਕੋਟ ਦਾ ਆਰ.ਟੀ.ਏ ਦਫ਼ਤਰ, ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸੇ ਵਿਵਾਦ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਤਰਸੇਮ ਚੰਦ ਨੂੰ ਫਰੀਦਕੋਟ ਦਾ ਨਵਾਂ ਆਰ.ਟੀ.ਏ ਨਿਯੁਕਤ ਕੀਤਾ ਸੀ ਜਿਸ ਤੋਂ ਨਿੱਜੀ ਟਰਾਂਸਪੋਰਟਰ ਅਤੇ ਕੁਝ ਏਜੰਟ ਨਿਰਾਸ਼ ਸਨ ਕਿਉਂਕਿ ਦਫ਼ਤਰ ਵਿੱਚ ਏਜੰਟਾਂ ਦੀ ਦਲਾਲੀ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਹੋ ਗਿਆ ਸੀ। ਵਿਜੀਲੈਂਸ ਵਿਭਾਗ ਦੇ ਆਈ. ਜੀ ਨੇ ਤਰਸੇਮ ਚੰਦ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦਰਜ ਕੀਤੇ ਮੁਕੱਦਮੇ ਨੂੰ ਖਾਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।