ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 14 ਜੁਲਾਈ
ਇਸ ਸਬ-ਡਵੀਜ਼ਨ ’ਚ ਤਾਇਨਾਤ ਉੱਪ ਕਪਤਾਨ ਪੁਲੀਸ (ਡੀਐੱਸਪੀ) ਬਲਕਾਰ ਸਿੰਘ ਸੰਧੂ ਦੇ ਨਾਂ ’ਤੇ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ। ਮਾਮਲੇ ’ਚ ਨਾਮਜ਼ਦ ਮੁਲਜ਼ਮ ਗੁਰਸੇਵਕ ਸਿੰਘ ਵਾਸੀ ਗੁਰੂਤੇਗ ਬਹਾਦੁਰ ਨਗਰ ਕੋਟਕਪੂਰਾ, ਪੰਜਾਬ ਪੁਲੀਸ ’ਚ ਥਾਣੇਦਾਰ ਸੇਵਾ ਮੁਕਤ ਹੋਇਆ ਹੈ। ਕੋਟਕਪੂਰਾ ਸ਼ਹਿਰੀ ਪੁਲੀਸ ਨੇ ਅਸ਼ੋਕ ਕੁਮਾਰ ਵਾਸੀ ਕੋਟਕਪੂਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਗੁਰਮੀਤ ਸਿੰਘ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦਾ ਉਨ੍ਹਾਂ ਦੀ ਲੜਕੀ ਦੇ ਸਹੁਰੇ ਪਰਿਵਾਰ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਉਨ੍ਹਾਂ ਉਪ ਕਪਤਾਨ ਪੁਲੀਸ ਦਫਤਰ ਕੋਟਕਪੂਰਾ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ।
ਗੁਰਸੇਵਕ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦੀ ਇਸ ਪੁਲੀਸ ਅਧਿਕਾਰੀ ਨਾਲ ਬਹੁਤ ਨੇੜਤਾ ਹੈ ਤੇ ਉਹ ਉਸ ਦਾ ਕੰਮ ਕਰਵਾ ਸਕਦਾ ਹੈ। ਇਸ ਲਈ ਉਕਤ ਅਧਿਕਾਰੀ ਨੂੰ ਦੇਣ ਵਾਸਤੇ 1.20 ਲੱਖ ਰੁਪਏ ਦੀ ਮੰਗ ਕੀਤੀ। ਪੂਰੀ ਰਕਮ ਵਸੂਲਣ ਮਗਰੋਂ ਉਸ ਨੇ ਉਸ ਤੋਂ 30 ਹਜ਼ਾਰ ਰੁਪਏ ਦੀ ਹੋਰ ਮੰਗ ਕਰਨੀ ਸ਼ੁਰੂ ਕਰ ਦਿੱਤੀ ਪ੍ਰੰਤੂ ਜਦੋਂ ਉਸ ਨੇ ਇਹ ਰਕਮ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਤੈਸ਼ ’ਚ ਆਏ ਸੇਵਾਮੁਕਤ ਥਾਣੇਦਾਰ ਨੇ ਉਸ ਨੂੰ ਧਮਕੀ ਦਿੱਤੀ ਕਿ ਹੁਣ ਉਸ ਦਾ ਕੰਮ ਨਹੀਂ ਹੋ ਸਕਦਾ ਤੇ ਉਸ ਦੇ ਦਿੱਤੇ ਪੈਸੇ ਵੀ ਗਏ। ਜਦੋਂ ਉਸ ਨੇ ਇਸ ਬਾਰੇ ਡੀਐੱਸਪੀ ਨਾਲ ਸੰਪਰਕ ਕੀਤਾ ਤਾਂ ਸੱਚ ਸਾਹਮਣੇ ਆਇਆ।