ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 3 ਅਗਸਤ
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋ ਦੇਸ਼ ਦੀ ਖਾਤਰ ਕਾਰਗਿਲ ਜੰਗ ’ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਖੂਨਦਾਨੀਆਂ ਨੇ 52 ਯੂਨਿਟ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਰਾਜੀਵ ਸ਼ਰਮਾ ਨੇ ਕੀਤਾ। ਸੁਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਜਰਨਲ ਸਕੱਤਰ ਮੱਘਰ ਸਿੰਘ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹਵਲਦਾਰ ਪਰਵਿੰਦਰ ਸਿੰਘ ਬਰਾੜ ਟਹਿਣਾ, ਨਾਇਕ ਸ਼ਹੀਦ ਪਰਮਜੀਤ ਸਿੰਘ ਪਿੰਡ ਕੰਮੇਆਣਾ ਅਤੇ ਨਾਇਕ ਸ਼ਹੀਦ ਗੁਰਭੇਜ ਸਿੰਘ ਢੁੱਡੀ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਡੀਕਲ ਹਸਪਤਾਲ ਵਿੱਚ ਮਰੀਜ਼ਾਂ ਲਈ ਖੂਨ ਦੀ ਕਮੀ ਹੋਣ ਕਰਕੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵਾਲੰਟੀਅਰਾਂ ਨੇ 52 ਯੂਨਿਟ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਦੀ ਇੰਚਾਰਜ ਡਾ. ਨੀਤੂ ਕੱਕੜ ਅਗਵਾਈ ਵਿੱਚ ਇਹ ਕੈਂਪ ਲਗਾਇਆ ਗਿਆ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ , ਸਰਟੀਫਿਕੇਟ ਅਤੇ ਡਾਇਟ ਵੰਡੀ ਗਈ।