ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 5 ਜਨਵਰੀ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਫੂਲ ਵਿੱਚ ਬਾਬਾ ਫੂਲ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਇਸ ਘੋਲ ਦੀ ਜਿੱਤ ਦਾ ਸਿਹਰਾ ਸ਼ਹੀਦਾਂ ਨੂੰ ਜਾਂਦਾ ਹੈ। ਇਸ ਮੌਕੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ ਤੇ ਮਹਿਲਾ ਵਿੰਗ ਤੋਂ ਸੂਬਾ ਕਮੇਟੀ ਆਗੂ ਬੀਬੀ ਸੁਖਵਿੰਦਰ ਕੌਰ ਨੇ ਕਿਸਾਨਾਂ ਦੇ ਕੇਸ ਮੁਫ਼ਤ ’ਚ ਲੜਨ ਕਰ ਕੇ ਮੈਡਲ ਤੇ ਸਿਰੋਪੇ ਪਾ ਕੇ ਕਿਸਾਨ ਵਕੀਲ ਮੰਚ ਦੇ ਕਨਵੀਨਰ ਅਜੀਤਪਾਲ ਸਿੰਘ ਮੰਡੇਰ, ਅਮਨਦੀਪ ਸਿੰਘ ਢਿੱਲੋਂ ਤੇ ਇਕਬਾਲ ਸਿੰਘ ਢਿੱਲੋਂਂ ਦਾ ਸਨਮਾਨ ਕੀਤਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇੱਥੇ ਸਥਿਤ ਮਸਜਿਦ ਅੱਬੂ ਬਕਰ ਵਿੱਚ ਦਿੱਲੀ ਕਿਸਾਨ ਸੰਘਰਸ਼ ਦੌਰਾਨ ਯੋਗਦਾਨ ਪਾਉਣ ਵਾਲੇ ਯੋਧਿਆਂ ਦਾ ਸਨਮਾਨ ਕੀਤਾ ਗਿਆ। ਡਾ ਫ਼ਕੀਰ ਮੁਹੰਮਦ (ਚੇਅਰਮੈਨ ਮੁਸਲਿਮ ਵੈੱਲਫੇਅਰ ਪੰਜਾਬ) ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵੱਲੋਂ ਕੀਤੇ ਗਏ ਸਨਮਾਨ ਸਮੇਂ ਡਾ. ਫਕੀਰ ਮੁਹੰਮਦ ਨੇ ਅੱਲ੍ਹਾ- ਤਾਲਾ ਅੱਗੇ ਦੁਆ ਕੀਤੀ ਕਿ 2022 ਵਿੱਚ ਵੀ ਇਸੇ ਤਰ੍ਹਾਂ ਸਾਰਿਆਂ ਦੀ ਭਾਈਚਾਰਕ ਸਾਂਝ ਬਣੀ ਰਹੇ। ਡਾ. ਹਰਗੁਰਪ੍ਰਤਾਪ ਸਿੰਘ, ਡਾ. ਸ਼ਿਵਦੇਵ ਸਿੰਘ ਤੇ ਹਰਦੀਪ ਧੰਮੀ ਨੇ ਕਿਹਾ ਕਿ ਉਨ੍ਹਾਂ ਨੂੰ ਫਖ਼ਰ ਹੈ ਕਿ ਉਨ੍ਹਾਂ ਦੇ ਯੋਧਿਆਂ ਨੇ ਜ਼ਾਲਮ ਹਕੂਮਤ ਦਾ ਹੰਕਾਰ ਭੰਨਕੇ ਮੋਰਚੇ ਨੂੰ ਫ਼ਤਹਿ ਕੀਤਾ ਹੈ। ਇਸ ਮੌਕੇ ਸੁਦਾਗਰ ਸਿੰਘ ਖਾਈ, ਇੰਦਰਮੋਹਨ ਪੱਤੋ ਤੇ ਰੂਪ ਸਿੰਘ ਤੇ ਕਰਮ ਸਿੰਘ ਹਿੰਮਤਪੁਰਾ ਸਣੇ ਮੁਸਲਿਮ ਭਾਈਚਾਰਾ ਹਾਜ਼ਰ ਸੀ।
ਦਾਦੂਵਾਲ ਵੱਲੋਂ ਕਿਸਾਨਾਂ ਦਾ ਸਨਮਾਨ
ਕਾਲਾਂਵਾਲੀ (ਪੱਤਰ ਪ੍ਰੇਰਕ): ਪਿੰਡ ਦਾਦੂ ਵਿੱਚ ਕਿਸਾਨ ਮੋਰਚਾ ਫਤਹਿ ਹੋਣ ਦੀ ਖੁਸ਼ੀ ਵਿਚ ਨਗਰ ਵਾਸੀਆਂ ਵੱਲੋਂ ਅਖੰਡ ਪਾਠ ਡੇਰਾ ਬਾਬਾ ਮੋਡੂ ਵਿਖੇ ਕਰਵਾਇਆ ਗਿਆ। ਇਸ ਮੌਕੇ ਭੋਗ ਉਪਰੰਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੰਗਤ ਨੂੰ ਕਥਾ ਅਤੇ ਵਿਚਾਰਾਂ ਰਾਹੀਂ ਨਿਹਾਲ ਕੀਤਾ। ਜਥੇ ਦਾਦੂਵਾਲ ਦੇ ਸਹਾਇਕ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਦਾਦੂ ਵਾਸੀਆਂ ਵੱਲੋਂ ਕਿਸਾਨ ਮੋਰਚਾ ਫਤਹਿ ਹੋਣ ਦੀ ਖੁਸ਼ੀ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਜਥੇਦਾਰ ਦਾਦੂਵਾਲ ਨੇ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਪਿੰਡ ਦਾਦੂ ਦੇ ਕਿਸਾਨਾਂ ਅਤੇ ਡੇਰਾ ਸੰਚਾਲਕ ਬਾਬਾ ਮਲਕੀਅਤ ਗਿਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਦਾਦੂ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਹੈ।