ਪੱਤਰ ਪ੍ਰੇਰਕ
ਸ਼ਹਿਣਾ, 14 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਅਤੇ ਸੰਘਰਸ਼ੀ ਕਿਸਾਨਾਂ ਨੂੰ ਥਾਂ-ਥਾਂ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸਮੁੱਚੀ ਬਲਾਕ ਸ਼ਹਿਣਾ ਟੀਮ ਵੱਲੋਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਗਿਆ। ਭਾਕਿਯੂ ਲੱਖੋਵਾਲ ਦੀ ਟੀਮ ’ਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਗਗਨਦੀਪ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਮੁਕਤਸਰ, ਜ਼ਿਲ੍ਹਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਰਾਂ, ਇਕਾਈ ਸ਼ਹਿਣਾ ਦੇ ਪ੍ਰਧਾਨ ਸਤਿਨਾਮ ਸਿੰਘ ਸੱਤੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੰਗ ਸਿੰਘ ਸੇਖੋਂ, ਹਰਬੰਸ ਸਿੰਘ ਨੰਬਰਦਾਰ ਜ਼ਿਲ੍ਹਾ ਸਰਪ੍ਰਸਤ ਨੂੰ ਮੰਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਕਿਸਾਨ ਆਗੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਸ੍ਰੀ ਨਾਮਧਾਰੀ ਨੇ ਦੱਸਿਆ ਕਿ ਸਾਡੇ ਕਾਫਲੇ ਦਾ ਰਸਤੇ ਵਿੱਚ ਵੀ ਲੋਕਾਂ ਨੇ ਸਨਮਾਨ ਕੀਤਾ।
ਦੋਦਾ (ਪੱਤਰ ਪ੍ਰੇਰਕ): ਦਿੱਲੀ ਦੀਆਂ ਹੱਦਾਂ ਉਤੇ ਕਿਸਾਨ ਅੰਦੋਲਨ ਨੇ ਬਹੁਤ ਸਾਰਿਆਂ ਦੀਆਂ ਦੂਰੀਆਂ ਨੂੰ ਖਿੱਚ ਕੇ ਐਨਾ ਨੇੜੇ ਕਰ ਦਿੱਤਾ ਕਿ ਇਕ ਦੂਜੇ ਤੋਂ ਦੂਰ ਹੋਣ ਨੂੰ ਦਿਲ ਨਹੀਂ ਕਰ ਰਿਹਾ। ਇਸ ਦੀ ਤਾਜ਼ਾ ਮਿਸਾਲ ਇਥੋਂ ਨੇੜਲੇ ਪਿੰਡ ਰੁਖਾਲਾ ਤੋਂ ਮਿਲਦੀ ਹੈ, ਜਿਥੇ ਅੰਦੋਲਨ ਦੀ ਸਮਾਪਤੀ ਮੌਕੇ ਹਰਿਆਣਾ ਦੇ ਕਿਸਾਨ ਜਿਨ੍ਹਾਂ ਦੀ ਸਾਂਝ ਉਥੇ ਪੰਜਾਬੀਆਂ ਨਾਲ ਬਣੀ ਸੀ, ਉਹ ਪੰਜਾਬ ਆ ਗਏ। ਅੱਜ ਉਨ੍ਹਾਂ ਨੂੰ ਵਾਪਸੀ ਮੌਕੇ ਫੁੱਲਾਂ ਦੇ ਹਾਰ ਪਾ ਕੇ ਰਵਾਨਾ ਕੀਤਾ ਅਤੇ ਭਾਵੁਕ ਹੁੰਦਿਆਂ ਕਿਸਾਨ ਇਕ ਦੂਜੇ ਦੇ ਗਲੇ ਲੱਗੇ। ਇਥੋਂ ਦੇ ਕਿਸਾਨਾਂ ਨੇ ਹਰਿਆਣੇ ਵਾਲੇ ਕਿਸਾਨਾਂ ਨੂੰ ਜਥੇ ਰੂਪ ਵਿਚ ਡੱਬਵਾਲੀ ਬਾਰਡਰ ਤੱਕ ਜਾ ਕੇ ਵਿਦਾਇਗੀ ਦਿੱਤੀ। ਇਹ ਕਿਸਾਨ, ਮੋਰਚੇ ਵਿਚ ਵਰਕਸ਼ਾਪ ਵਿਚ ਟਰੈਕਟਰ ਠੀਕ ਕਰਾਉਣ ਮੌਕੇ ਮਿਲੇ ਸਨ ਅਤੇ ਬਾਆਦ ਵਿਚ ਇੱਕਠਿਆਂ ਸੰਘਰਸ਼ ਕੀਤਾ, ਜੋ ਅੱਜ ਕੱਲ ਗੂੜੀ ਦੋਸਤੀ ਵਿਚ ਬਦਲ ਚੁੱਕਿਆ ਹੈ।
ਮੋਰਚੇ ’ਚੋਂ ਸਾਲ ਬਾਅਦ ਪਿੰਡ ਪਰਤੇ ਕਿਸਾਨ ਦਾ ਸਾਈਕਲ ਨਾਲ ਸਨਮਾਨ
ਸ਼ਹਿਣਾ: ਕਸਬੇ ਸ਼ਹਿਣਾ ਦੇ ਕਿਸਾਨ ਆਗੂ ਨੇਕ ਸਿੰਘ ਬਾਠ, ਜੋ ਕਿ 371 ਦਿਨ ਦਿੱਲੀ ’ਚ ਚੱਲੇ ਕਿਸਾਨੀ ਸੰਘਰਸ਼ ’ਚੋਂ ਵਾਪਸ ਪਰਤੇ ਹਨ ਦਾ, ਸ਼ਹਿਣਾ ਪੁੱਜਣ ’ਤੇ ਸਮਾਜ ਸੇਵੀਆਂ ਨੇ ਸਾਈਕਲ ਨਾਲ ਸਨਮਾਨਿਤ ਕੀਤਾ ਹੈ। ਸਮਾਜ ਸੇਵੀ ਗੁਰਪ੍ਰੀਤ ਸਿੰਘ, ਡਾ. ਨਛੱਤਰ ਸਿੰਘ ਸੰਧੂ, ਹਰਬੰਸ ਸਿੰਘ, ਸੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਨੇਕ ਸਿੰਘ ਲਗਾਤਾਰ 371 ਦਿਨ ਮੋਰਚੇ ’ਚ ਰਹੇ। ਇੱਕ ਦਿਨ ਵੀ ਵਾਪਸ ਨਹੀਂ ਆਏ। ਇਸੇ ਪ੍ਰਕਾਰ ਬਲਾਕ ਸ਼ਹਿਣਾ ਦੇ ਪਿੰਡ ਨਾਨਕਪੁਰਾ ਦੇ ਗਰਬਚਨ ਸਿੰਘ ਲਗਾਤਾਰ 378 ਦਿਨ ਮੋਰਚੇ ’ਚ ਲਾ ਕੇ ਆਏ ਹਨ। ਮੋਰਚੇ ’ਚ ਜਿੱਤ ਉਪਰੰਤ ਪਿੰਡ ਨਾਨਕਪੁਰਾ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਮੇਲ ਕੌਰ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਕਾਲਜ ਦੇ ਵਿਦਿਆਰਥੀਆਂ ਨੇ ਜੇਤੂ ਮਾਰਚ ਕੱਢਿਆ
ਸਰਦੂਲਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਿਸਾਨ ਅੰਦੋਲਨ ਦੀ ਜਿੱਤ ਨੂੰ ਸਮਰਪਿਤ ਜੇਤੂ ਮਾਰਚ ਕੱਢਿਆ ਗਿਆ। ਇਹ ਮਾਰਚ ਬਲਰਾਜ ਸਿੰਘ ਭੂੰਦੜ ਯੂਨੀਵਰਸਿਟੀ ਕਾਲਜ ਤੋਂ ਲੈ ਕੇ ਵਾਇਆ ਰੋੜਕੀ ਚੌਕ ਬੱਸ ਸਟੈਂਡ ਤੱਕ ਕੱਢਿਆ ਗਿਆ। ਵਿਦਿਅਰਥੀਆਂ ਨੇ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਲਗਾਏ ਅਤੇ ਜੋਸ਼ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਵਕਤ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਯੂਨੀਵਰਸਟੀ ਕਾਲਜ ਸਰਦੂਲਗੜ੍ਹ ਦੀ ਕਮੇਟੀ ਦੇ ਕਨਵੀਨਰ ਸਿਮਰਜੀਤ ਸਿੰਘ ਫੱਤਾ ਮਾਲੋਕਾ ਨੇ ਕਿਹਾ ਕਿ ਇਹ ਅੰਦੋਲਨ ਇਕ ਇਤਿਹਾਸਕ ਅੰਦੋਲਨ ਹੈ, ਇਸ ਨੇ ਪੂਰੇ ਵਿਸ਼ਵ ਵਿਚ ਇਤਿਹਾਸ ਸਿਰਜਿਆ ਹੈ ਅਤੇ ਦੁਨੀਆ ਨੂੰ ਦੱਸ ਦਿੱਤਾ ਹੈ ਲੋਕਾਂ ਦੇ ਏਕੇ ਦੀ ਤਾਕਤ ਸਾਰੀਆਂ ਤਾਕਤਾਂ ਨਾਲੋ ਕੀਤੇ ਉੱਪਰ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਤਾਂ ਲੜਾਈ ਦੀ ਸ਼ੁਰੂਆਤ ਹੈ। ਇਹ ਲੜਾਈ ਇਕੱਲੀ ਕਿਸਾਨਾਂ ਦੀ ਨਹੀਂ ਪੂਰੇ ਮਿਹਨਤਕਸ਼ ਵਰਗ ਦੀ ਹੈ।