ਜੋਗਿੰਦਰ ਸਿੰਘ ਮਾਨ
ਮਾਨਸਾ, 3 ਨਵੰਬਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ 208 ਪੰਚਾਇਤਾਂ ਦੁਆਰਾ ਪਰਾਲੀ ਨਾ ਸਾੜਨ ਦੇ ਪਾਏ ਮਤਿਆਂ ਦਾ ਹੁਣ ਪਿਛਲੇ ਤਿੰਨ ਦਿਨਾਂ ਤੋਂ ਪਿੰਡ-ਪਿੰਡ ਜਲੂਸ ਨਿਕਲ ਗਿਆ ਹੈ। ਬੇਸ਼ੱਕ ਉਸ ਵੇਲੇ ਇਨ੍ਹਾਂ ਮਤਿਆਂ ਨੂੰ ਪ੍ਰਸ਼ਾਸਕੀ ਦਬਾਅ ਹੇਠ ਪਾਉਣ ਦਾ ਰੌਲਾ-ਗੌਲਾ ਪਿੰਡਾਂ ਵਿਚ ਪੈ ਗਿਆ ਸੀ, ਪਰ ਹੁਣ ਅਸਮਾਨੀ ਚੜ੍ਹੀ ਘਸਮੈਲੀ ਚਾਦਰ ਨੇ ਡੀ.ਸੀ ਦੇ ਮਤਿਆਂ ਨੂੰ ਮਾਂਜਾ ਲਾ ਦਿੱਤਾ ਹੈ। ਮਾਲਵਾ ਖੇਤਰ ਵਿੱਚ ਮਾਨਸਾ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਵਿੱਚ ਵੀ ਲਗਾਤਾਰ ਪਰਾਲੀ ਨੂੰ ਫੂਕਿਆ ਜਾ ਰਿਹਾ ਹੈ। ਕਿਸਾਨਾਂ ਨੇ ਪਰਾਲੀ ਨਾ ਸਾੜਨ ਵਾਲੇ ਸੜਕਾਂ ਕਿਨਾਰੇ ਲਾਏ ਸਰਕਾਰੀ ਫਲੈਕਸਾਂ ਨੂੰ ਵੀ ਫੂਕ ਧਰਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀਆਂ 248 ਪੰਚਾਇਤਾਂ ’ਚੋਂ 208 ਪੰਚਾਇਤਾਂ ਨੇ ਪਰਾਲੀ ਨਾ ਫੂਕਣ ਦੇ ਮਤੇ ਪਾਸ ਕੀਤੇ ਸਨ ਅਤੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਮਤਿਆਂ ਦੀ ਇਕ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਕੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਵੱਡਾ ਦਾਅਵਾ ਕੀਤਾ ਸੀ। ਪਿੰਡਾਂ ਵਿਚ ਪਰਾਲੀ ਨੂੰ ਫੂਕਣ ਦੇ ਤੁਰੇ ਆਪ ਮੁਹਾਰੇ ਰੁਝਾਨ ਨੇ ਜਾਗਰੂਕ ਮੁਹਿੰਮਾਂ ਨੂੰ ਨਿੰਬੂ ਵਾਂਗ ਨਿਚੋੜ ਦਿੱਤਾ ਹੈ। ਹੁਣ ਸਰਕਾਰੀ ਅਧਿਕਾਰੀ ਪਿੰਡਾਂ ਵਾਲੇ ਪਾਸੇ ਜਾਣ ਲਈ ਮੂੰਹ ਨਹੀਂ ਕਰ ਰਹੇ, ਜਿਸ ਕਾਰਨ ਕਿਸਾਨ ਪੂਰੀ ਖੁੱਲਦਿਲੀ ਨਾਲ ਦਿਨ-ਰਾਤ ਪਰਾਲੀ ਨੂੰ ਲਾਂਬੂ ਲਾ ਰਹੇ ਹਨ। ਪਰਾਲੀ ਨੂੰ ਲਾਈਆਂ ਇਹ ਅੱਗਾਂ ਕਾਰਨ ਅਸਮਾਨੀ ਚੜ੍ਹਿਆ ਧੂੰਆਂ ਵੱਡੀਆਂ ਦਿਕੱਤਾਂ ਬਣਨ ਲੱਗਿਆ ਹੈ। ਇਸ ਵਾਰ ਮਾਲਵਾ ਖੇਤਰ ਵਿਚ ਪਹਿਲਾਂ ਦੇ ਮੁਕਾਬਲੇ ਝੋਨੇ ਹੇਠ ਘੱਟ ਰਕਬਾ ਹੋਣ ਦੇ ਬਾਵਜੂਦ ਇਹ ਦਿਕੱਤ ਆਮ ਸਾਲਾਂ ਨਾਲੋਂ ਐਤਕੀਂ ਵੱਡੀ ਤਕਲੀਫ ਬਣਨ ਲੱਗੀ ਹੈ। ਪਰਾਲੀ ਨੂੰ ਅੱਗ ਲਾਉਣ ਕਾਰਨ ਪਿਛਲੇ ਕਈ ਦਿਨਾਂ ਤੋਂ ਦਿਨ ਖੜ੍ਹੇ ਹੀ ਘੁੱਪ ਹਨੇਰਾ ਹੋਣ ਲੱਗਿਆ ਹੈ। ਅਸਮਾਨੀ ਚੜ੍ਹਦੇ ਇਸ ਧੂੰਏ ਕਾਰਨ ਲੋਕਾਂ ਨੂੰ ਕਈ ਬਿਮਾਰੀਆਂ ਚਿੰਬੜਨ ਲੱਗੀਆਂ ਹਨ। ਇਸੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਉਹ ਜ਼ਿਲ੍ਹੇ ਵਿਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਰਗੀਆਂ ਜਨਤਕ ਮੁਹਿੰਮਾਂ ਨੂੰ ਲਗਾਤਾਰ ਜਾਰੀ ਕਰਾਉਣ ਲਈ ਭਰਪੂਰ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਦੇ ਲੋਕਾਂ ਨੇ ਪੰਚਾਇਤਾਂ ਤੋਂ ਬੇ-ਮੁੱਖ ਹੋ ਕੇ ਪਰਾਲੀ ਨੂੰ ਫੂਕਿਆ ਹੈ, ਪਰ ਜ਼ਿਆਦਾਤਰ ਲੋਕਾਂ ਨੇ ਇਸ ਵਾਰ ਸਰਕਾਰੀ ਲਹਿਰ ਨਾਲ ਸਹਿਮਤੀ ਬਣਾਈ ਹੈ ਅਤੇ ਹੁਣ ਕਿਸਾਨ ਪਹਿਲਾਂ ਦੇ ਮੁਕਾਬਲੇ ਸਿਆਣੇ ਹੋ ਗਏ ਹਨ।
ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤਕ 1197 ਥਾਵਾਂ ’ਤੇ ਸੜੀ ਪਰਾਲੀ
ਭੁੱਚੋ ਮੰਡੀ (ਪਵਨ ਗੋਇਲ): ਕੌਮੀ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਕਿਸਾਨ ਬਿਨਾਂ ਕਿਸੇ ਡਰ ਦੇ ਪਰਾਲੀ ਸਾੜ ਰਹੇ ਹਨ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਕਿਸਾਨਾਂ ਵੱਲੋਂ 2 ਨਵੰਬਰ ਤੱਕ 1197 ਥਾਵਾਂ ’ਤੇ ਅੱਗ ਲਗਾਉਣ ਦੇ ਸੈਟੇਲਾਈਟ ਅੰਕੜੇ ਭੇਜੇ ਗਏ ਹਨ ਜਿਸ ਵਿੱਚੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਬਠਿੰਡਾ ਸਬ ਡਿਵੀਜ਼ਨਲ ਟੀਮ ਵੱਲੋਂ 505 ਲੁਕੇਸ਼ਨਾਂ ’ਤੇ ਦੌਰੇ ਕੀਤੇ ਗਏ। ਇਨ੍ਹਾਂ ਵਿੱਚੋਂ 234 ਥਾਵਾਂ ’ਤੇ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ। ਐਸਡੀਓ ਰਵੀਪਾਲ ਨੇ ਦੱਸਿਆ ਕਿ 30 ਕਿਸਾਨਾਂ ਨੂੰ 112500 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ ਅਤੇ 204 ਕਿਸਾਨਾਂ ਨੂੰ ਜੁਰਮਾਨੇ ਕਰਨੇ ਬਾਕੀ ਹਨ ਜਿਨ੍ਹਾਂ ਦੀ ਗਿਰਦਾਵਰੀ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ।