ਰਮਨਦੀਪ ਸਿੰਘ
ਚਾਉਕੇ, 30 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮਜ਼ਦੂਰਾ ਦੇ ਘਰਾਂ ਕੋਲ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਚਕਵਾਉਣਾ ਲਈ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ। ਬੀਕੇਯੂ ਉਗਰਾਹਾਂ ਦੇ ਆਗੂ ਗੁਲਾਬ ਸਿੰਘ ਨੇ ਕਿਹਾ ਕਿ ਜਿਉਂਦ ਪਿੰਡ ਵਿੱਚੋਂ ਦਾ ਸ਼ਰਾਬ ਠੇਕਾ ਚੁਕਾਉਣ ਲਈ 26 ਅਗਸਤ ਤੋਂ ਧਰਨਾ ਚੱਲ ਰਿਹਾ ਹੈ ਕਿਉਂਕਿ ਇਹ ਸ਼ਰਾਬ ਮਾਫ਼ੀਆ ਅਨੇਕਾਂ ਘਰਾਂ ਵਿੱਚ ਸੱਥਰ ਵਿਛਾਉਣ ਦੇ ਦੋਸ਼ੀ ਹੈ ਪਰ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ ਸਗੋਂ ਇਸ ਮਸਲੇ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਿਸ ਸਦਕਾ ਲੋਕਾਂ ਵਿੱਚ ਭਾਰੀ ਰੋਹ ਜਤਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇਹ ਧਰਨਾ ਅੱਜ ਪੰਜਵੇਂ ਦਿਨ ਵਿੱਚ ਸ਼ਾਮਲ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਬੰਦ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ 1 ਤਰੀਕ ਨੂੰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਜਿਉਂਦ, ਸ਼ਗਨਦੀਪ ਸਿੰਘ, ਪਾਲ ਸਿੰਘ, ਜਰਨੈਲ ਸਿੰਘ, ਲੀਲੋ ਕੌਰ, ਬਲਜੀਤ ਕੌਰ, ਚਰਨੋ ਕੌਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਪਾਲ ਸਿੰਘ, ਗੁਰਨਾਮ ਸਿੰਘ, ਭਾਨਾ ਸਿੰਘ, ਹੰਸਾ ਸਿੰਘ, ਕਾਕਾ ਸਿੰਘ ਹਾਜ਼ਰ ਸਨ।