ਖੇਤਰੀ ਪ੍ਰਤੀਨਿਧ
ਬਰਨਾਲਾ, 13 ਸਤੰਬਰ
ਨੇੜਲੇ ਪਿੰਡ ਪੱਤੀ ਸੇਖਵਾਂ ਵਿੱਚ ਸਕੂਲ ਦੇ ਰਸਤੇ ’ਤੇ ਪੈਂਦੀ ਹੱਡਾ ਰੋੜੀ ਤੋਂ ਪਿੰਡ ਵਾਸੀ ਖਾਸੇ ਪ੍ਰੇਸ਼ਾਨ ਹਨ। ਪੰਚ ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਸੇਖੋਂ, ਸਵਰਾਜ ਸਿੰਘ ਭੱਠਲ, ਨਵਕਿਰਨ ਸਿੰਘ ਆਦਿ ਨੇ ਦੱਸਿਆ ਕਿ ਸਥਾਨਕ ਬਰਨਾਲਾ ਰੋਡ ’ਤੇ ਇੱਕ ਕਿਸਾਨ ਦੇ ਖੇਤ ਵਿੱਚ ਪਿਛਲੇ ਲੰਮੇ ਤੋਂ ਆਰਜ਼ੀ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਖੂੰਖਾਰ ਤੇ ਮਾਸਖ਼ੋਰੇ ਕੁੱਤਿਆਂ ਦੇ ਵਾੜੇ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸੇ ਰਸਤੇ ਪਿੰਡ ਦਾ ਸਰਕਾਰੀ ਮਿਡਲ ਸਕੂਲ ਹੋਣ ਕਾਰਨ ਪੜ੍ਹਨ ਜਾਂਦੇ ਮਾਸੂਮ ਬੱਚਿਆਂ ਤੇ ਖੇਤੀ ਜਾਂਦੇ ਬਜ਼ੁਰਗ ਰਾਹਗੀਰਾਂ ਲਈ ਇਹ ਕੁੱਤੇ ਜਾਨ ਦਾ ਖੌਅ ਬਣ ਚੁੱਕੇ ਹਨ। ਪਿੰਡ ਵਾਸੀ ਨੌਜਵਾਨਾਂ ਨੇ ਹੱਡਾ ਰੋੜੀ ਨੂੰ ਫੌਰੀ ਚੁਕਵਾਉਣ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਸਮੱਸਿਆ ਸਬੰਧੀ ਸੰਪਰਕ ਕਰਨ ’ਤੇ ਐੱਸਡੀਐੱਮ ਬਰਨਾਲਾ ਗੋਪਾਲ ਸਿੰਘ ਨੇ ਕਿਹਾ ਕਿ ਅਜੇ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਨਹੀਂ ਲਿਆਂਦਾ ਗਿਆ। ਲਿਖਤੀ ਸ਼ਿਕਾਇਤ ਪ੍ਰਾਪਤੀ ਉਪਰੰਤ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।