ਪਵਨ ਗੋਇਲ
ਭੁੱਚੋ ਮੰਡੀ, 22 ਜਨਵਰੀ
ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਅੱਜ ਬਰਸਾਤੀ ਮੌਸਮ ਅਤੇ ਕੜਾਕੇ ਦੀ ਠੰਢ ਵਿੱਚ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਸਥਿਤ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਟੌਲ ਮੈਨੇਜਰ ਉੱਤਮ ਪੰਨੂ ਅਤੇ ਪਟੇਲ ਕੰਪਨੀ ਦੇ ਅਧਿਕਾਰੀ ਵਿਸ਼ਵਾਸ ਕੁੱਕਰ ਨੂੰ ਮੰਗ ਪੱਤਰ ਸੌਂਪ ਕੇ ਛੇ ਕਿਲੋ ਮੀਟਰ ਦੇ ਘੇਰੇ ਵਿੱਚ ਟੌਲ ਟੈਕਸ ਮੁਆਫ਼ ਕਰਨ ਅਤੇ ਖੇਤਾਂ ਨੂੰ ਜਾਂਦੇ ਰਸਤਿਆਂ ਨੇੜੇ ਕੰਪਨੀ ਦੁਆਰਾ ਬਣਾਏ ਗਏ ਕੱਟਾਂ ਨੂੰ ਹਾਦਸਾ ਮੁਕਤ ਢੰਗ ਨਾਲ ਬਣਾਏ ਜਾਣ ਦੀ ਮੰਗ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਇਲਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾ, ਕੁਲਦੀਪ ਲਹਿਰਾ, ਰਾਮਪਾਲ ਸਿੰਘ, ਗੁਰਮੇਲ ਸਿੰਘ ਅਤੇ ਹਰਨੇਕ ਸਿੰਘ ਨੇ ਕਿਹਾ ਕਿ ਕੌਮੀ ਮਾਰਗ ’ਤੇ ਗ਼ਲਤ ਤਰੀਕੇ ਨਾਲ ਬਣਾਏ ਛੱਡੇ ਗਏ ਕੱਟ ਅਕਸਰ ਹੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜਿਸ ਵਿੱਚ ਕਈ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੌਮੀ ਮਾਰਗ ਦੀ ਦੇਖ-ਰੇਖ ਕਰ ਰਹੀ ਪਟੇਲ ਕੰਪਨੀ ਅਤੇ ਟੌਲ ਅਧਿਕਾਰੀਆਂ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਟੌਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾਉਣਗੇ। ਇਸ ਮੌਕੇ ਆਗੂ ਕਰਮਜੀਤ ਸਿੰਘ, ਬਲਵੀਰ ਸਿੰਘ ਤੇ ਲਛਮਣ ਸਿੰਘ ਹਾਜ਼ਰ ਸਨ।