ਪਵਨ ਗੋਇਲ
ਭੁੱਚੋ ਮੰਡੀ, 23 ਜਨਵਰੀ
ਪਿੰਡ ਲਹਿਰਾ ਮੁਹੱਬਤ ਵਿੱਚ ਨਗਰ ਪੰਚਾਇਤ ਦੀ ਥਾਂ ਮੁੜ ਗ੍ਰਾਮ ਪੰਚਾਇਤ ਬਣਾਏ ਜਾਣ ਦੀ ਮੰਗ ਸਬੰਧੀ ਵਿੱਢਿਆ ਸੰਘਰਸ਼ ਤੇਜ਼ੀ ਨਾਲ ਸਿਖ਼ਰ ਵੱਲ ਵਧ ਰਿਹਾ ਹੈ। ਐਕਸ਼ਨ ਕਮੇਟੀ ਵੱਲੋਂ ਅੱਜ ਗੁਰਦੁਆਰਾ ਭਗਤ ਰਵਿਦਾਸ ਨੇੜੇ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹੋਈਆਂ। ਉਨ੍ਹਾਂ ਨਗਰ ਪੰਚਾਇਤ ਬਣਨ ਕਾਰਨ ਖੁੱਸੀਆਂ ਸਹੂਲਤਾਂ ਦਾ ਰੋਣਾ ਰੋਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਘਰਸ਼ੀ ਆਗੂਆਂ ਨੇ ਕਿਹਾ ਕਿ ਨਗਰ ਪੰਚਾਇਤ ਬਣਨ ਨਾਲ ਪੇਂਡੂ ਸਹੂਲਤਾਂ ਖ਼ਤਮ ਹੋ ਗਈਆਂ ਹਨ ਅਤੇ ਕਿਰਤੀ ਲੋਕਾਂ ’ਤੇ ਟੈਕਸਾਂ ਦੀ ਵੱਡੀ ਮਾਰ ਪਈ ਹੈ। ਸਿੱਖਿਆ ਦੇ ਖੇਤਰ ਵਿੱਚ ਮੋਹਰੀ ਵਿਦਿਆਰਥੀ ਵੀ ਨਵੋਦਿਆ, ਮੈਰੀਟੋਰੀਅਸ ਸਕੂਲ ਅਤੇ ਹੋਰ ਉੱਚ ਸੰਸਥਾਵਾਂ ਵਿੱਚ ਦਾਖ਼ਲੇ ਤੋਂ ਵਾਂਝੇ ਰਹਿ ਰਹੇ ਹਨ। ਇਸ ਮੌਕੇ ਲਾਭਪਾਤਰੀ ਜਸਵੀਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਹਰਦੀਪ ਕੌਰ ਪਰਮਜੀਤ ਕੌਰ, ਸੁਖਜੀਤ ਕੌਰ, ਭਿੰਦਰ ਕੌਰ ਅਤੇ ਮਾਇਆ ਨੇ ਕਿਹਾ ਕਿ ਲੱਗਪੱਗ ਸੱਤ ਸਾਲਾਂ ਤੋਂ ਮਨਰੇਗਾ ਸਕੀਮ ਤੇ ਵਿਧਵਾ ਪੈਨਸ਼ਨ ਬੰਦ ਹੋਣ ਅਤੇ ਨੀਲੇ ਕਾਰਡ ਕੱਟੇ ਜਾਣ ਕਾਰਨ ਉਹ ਆਰਥਿਕ ਤੌਰ ’ਤੇ ਟੁੱਟ ਚੁੱਕੇ ਹਨ।