ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ
ਪੰਜਾਬ ਸਰਕਾਰ ਵੱਲੋਂ ਪੰਜ-ਪੰਜ ਮਰਲੇ ਪਲਾਟ ਦੇਣ ਸਬੰਧੀ ਪਿੰਡ ਕੋਟਲੀ ਸੰਘਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੀ ਕਮੇਟੀ ਲੋਕਾਂ ਲਈ ਘਾਤਕ ਸਿੱਧ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪਿੰਡ ਕੋਟਲੀ ਸੰਘਰ ਦੇ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਪਿਤਾ ਪੁਰਖੀ ਪੰਜ ਮਰਲੇ ਤਾਂ ਹਨ ਪ੍ਰੰਤੁੂ ਉਨ੍ਹਾਂ ਦੇ ਪਰਿਵਾਰ ਦੇ ਪੁੱਤਰ 3-3, 4-4 ਹੋਣ ਕਾਰਨ ਉਨ੍ਹਾਂ ਕੋਲ ਸਿਰਫ ਅੱਧਾ-ਅੱਧਾ ਮਰਲਾ ਬਾਕੀ ਥਾਂ ਰਹਿ ਗਈ ਹੈ। ਉਨ੍ਹਾਂ ਲੋਕਾਂ ਨੇ ਪੰਜ-ਪੰਜ ਮਰਲੇ ਪਲਾਟ ਲੈਣ ਲਈ ਆਪਣੀ ਦਾਅਵੇਦਾਰੀ ਕਮੇਟੀ ਕੋਲ ਪੇਸ਼ ਕੀਤੀ ਸੀ ਪਰੰਤੂ ਕਮੇਟੀ ਵਿੱਚ ਕੋਈ ਵੀ ਮੈਂਬਰ ਮਜ਼ਦੂਰ ਵਰਗ ਵਿੱਚੋਂ ਨਾ ਹੋਣ ਕਾਰਨ ਇਹ ਸਾਰੇ ਲੋੜੀਂਦੇ ਪਰਿਵਾਰ ਪ੍ਰਸ਼ਾਸਨ ਅਤੇ ਕਮੇਟੀ ਦੀ ਬੇਰੁਖੀ ਦਾ ਸ਼ਿਕਾਰ ਹੋ ਗਏ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਕਰਦਿਆਂ ਐਡਵੋਕੇਟ ਦਵਿੰਦਰ ਸਿੰਘ ਕੋਟਲੀ ਜ਼ਿਲ੍ਹਾ ਇੰਚਾਰਜ ‘ਸੀਟੁੂ’ ਅਤੇ ਪਿੰਡ ਦੇ ਸਮੂਹ ਕਿਰਤੀ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜ-ਪੰਜ ਮਰਲੇ ਪਲਾਟ ਵੰਡਣ ਵਾਲੀ ਪਿੰਡ ਕੋਟਲੀ ਸੰਘਰ ਦੀ ਬਣਾਈ ਕਮੇਟੀ ਤੁਰੰਤ ਭੰਗ ਕੀਤੀ ਜਾਵੇ ਅਤੇ ਨਵੀਂ ਕਮੇਟੀ ਬਣਾ ਕੇ ਉਸ ਵਿੱਚ ਤਿੰਨ ਮੈਂਬਰ ਮਜ਼ਦੂਰ ਵਰਗ ਦੇ ਮੋਹਤਵਰ ਵਿਅਕਤੀ ਲਏ ਜਾਣ ਅਤੇ ਪੰਜ-ਪੰਜ ਮਰਲੇ ਪਲਾਟ ਕੱਟਣ ਲਈ ਮੁੜ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਜਾਵੇ। ਇਸ ਮੌਕੇ ਗੁਰਮੀਤ ਸਿੰਘ ਪੀਐਲਵੀ, ਬਲਵਿੰਦਰ ਸਿੰਘ, ਹਰਜੀਤ ਕੌਰ, ਗੁਰਾ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਛੋਟਾ ਸਿੰਘ, ਮਖਤਿਆਰ ਕੌਰ, ਭੋਲੀ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਹਾਜ਼ਰ ਸਨ।