ਪਵਨ ਗੋਇਲ
ਭੁੱਚੋ ਮੰਡੀ, 19 ਅਪਰੈਲ
ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ਵਾਸੀਆਂ ਨੇ ਪੰਚਾਇਤ ਦੀ ਅਗਵਾਈ ਹੇਠ ਪਿੰਡ ਦੇ ਇੱਕ ਵਿਅਕਤੀ ਖ਼ਿਲਾਫ਼ ਨਸ਼ਾ ਤਸਕਰੀ ਅਤੇ ਗਾਲੀ-ਗਲੋਚ ਕਰਨ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਭੁੱਚੋ ਮੰਡੀ ਵਿੱਚ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੁਲੀਸ ਨੂੰ ਪੰਚਾਇਤੀ ਲੈਟਰਪੈਡ ’ਤੇ ਲਿਖਿਆ ਮੰਗ ਪੱਤਰ ਸੌਂਪਿਆ।
ਸਰਪੰਚ ਅਮਰਿੰਦਰ ਸਿੰਘ, ਸਾਬਕਾ ਪੰਚ ਅਜਮੇਰ ਸਿੰਘ ਤੇ ਸਾਬਕਾ ਪੰਚ ਬੂਟਾ ਸਿੰਘ, ਪੰਚ ਗੁਰਮੀਤ ਕੌਰ ਅਤੇ ਜਸਵੀਰ ਕੌਰ ਨੇ ਦੱਸਿਆ ਕਿ ਸੰਦੀਪ ਸਿੰਘ ਪਿੰਡ ਵਿੱਚ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ। ਇਸ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਸੋਨੀ ਸਿੰਘ ਤੋਂ ਦੁਕਾਨ ਕਿਰਾਏ ’ਤੇ ਲੈ ਕੇ ਖੋਲ੍ਹਣ ਲੱਗਿਆ ਤਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੰਦੀਪ ਸਿੰਘ ਨੇ ਪਿੰਡ ਵਾਸੀਆਂ ਨਾਲ ਗਾਲੀ-ਗਲੋਚ ਕੀਤਾ। ਪਿੰਡ ਵਾਸੀਆਂ ਨੇ ਸੰਦੀਪ ਸਿੰਘ ਦੇ ਘਰ ਅੱਗੇ ਵੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਪੰਚ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਚੱਲ ਰਿਹਾ ਸ਼ਰਾਬ ਦਾ ਠੇਕਾ ਚੁੱਕਣ ਲਈ ਠੇਕੇਦਾਰ ਨੂੰ ਦੋ ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਹੈ।
ਮਾਮਲੇ ਦੀ ਜਾਂਚ ਜਾਰੀ: ਏਐੱਸਆਈ
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਉਰਫ ਸੈਂਡੀ ’ਤੇ ਪਹਿਲਾ ਵੀ ਗੋਲੀਆਂ ਆਦਿ ਵੇਚਣ ਅਤੇ ਲੌਕਡਾਊਨ ਵਿੱਚ ਹੁਕਮਾਂ ਦੀ ਉਲੰਘਣਾ ਕਰਨ ਦੇ ਕੇਸ ਦਰਜ ਹਨ। ਅੱਜ ਉਸ ਦੇ ਘਰ ਛਾਪੇ ਦੌਰਾਨ ਕੋਈ ਇਤਰਾਜਯੋਗ ਨਸ਼ੀਲੀ ਵਸਤੂ ਨਹੀਂ ਮਿਲੀ। ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।