ਪੱਤਰ ਪ੍ਰੇਰਕ
ਗਿੱਦੜਬਾਹਾ, 5 ਅਕਤੂਬਰ
ਗਿੱਦੜਬਾਹਾ ਦੀਆਂ ਵੱਖ ਵੱਖ ਸਮਾਜਸੇਵੀ ਤੇ ਧਾਰਮਿਕ ਸੰਸਥਾ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਕਰੋਨਾ ਕਾਲ ਦੌਰਾਨ ਬੰਦ ਕੀਤੇ ਗਏ ਬਠਿੰਡਾ ਏਅਰਪੋਰਟ (ਭੀਸੀਆਣਾ) ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਉਕਤ ਏਅਰਪੋਰਟ ਦੇ ਬੰਦ ਹੋ ਜਾਣ ਨਾਲ ਜੰਮੂ ਤੇ ਦਿੱਲੀ ਤੱਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੇ ਲੋਕ ਬੱਸਾਂ ਅਤੇ ਹੋਰਨਾ ਸਾਧਨਾ ਦਾ ਸਹਾਰਾ ਲੈ ਰਹੇ ਹਨ। ਇਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਰਬਾਦ ਹੋ ਰਿਹਾ ਹੈ। ਦਿੱਲੀ ਦੀਆਂ ਉਡਾਣਾਂ ਬੰਦ ਹੋਣ ਨਾਲ ਇਲਾਕੇ ਦਾ ਵਪਾਰੀ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੈ, ਜਦੋਂਕਿ ਜੰਮੂ ਦੀਆਂ ਉਡਾਣਾਂ ਬੰਦ ਹੋਣ ਕਾਰਨ ਮਾਤਾ ਵੈਸ਼ਨੋ ਦੇਵੀ ਤੇ ਅਮਰਨਾਥ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹਨ। ਗਿੱਦੜਬਾਹਾ ਦੀ ਸਮਾਜਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਦੇ ਅਨਮੋਲ ਜੁਨੇਜਾ ਬਬਲੂ ਤੇ ਮਨੀਸ਼ ਵਰਮਾ, ਗੁੱਡ ਸੇਵਾ ਸੁਸਾਇਟੀ ਦੇ ਸੋਮ ਅਹੂਜਾ, ਖਾਲਸਾ ਸੇਵਾ ਸੁਸਾਇਟੀ ਦੇ ਗੁਰਮੀਤ ਸਿੰਘ, ਅਨਪੂਰਨਾ ਕਾਲੀ ਮਾਤਾ ਮੰਦਰ ਦੇ ਭਗਵਾਨ ਦਾਸ ਅਹੂਜਾ ਆਦਿ ਨੇ ਦੱਸਿਆ ਕਿ ਹਵਾਈ ਜਹਾਜ਼ ਰਾਹੀਂ ਦਿੱਲੀ ਅਤੇ ਜੰਮੂ ਜਾਣ ਲਈ ਕੇਵਲ 45-45 ਮਿੰਟ ਦਾ ਸਮਾਂ ਲੱਗਦਾ ਸੀ ਜਦੋਂਕਿ ਹੁਣ ਉਨ੍ਹਾਂ ਨੂੰ ਸੜਕ ਜਾਂ ਰੇਲ ਰਾਹੀਂ ਦਿੱਲੀ ਅਤੇ ਜੰਮੂ ਜਾਣ ਤੇ ਕਰੀਬ 6 ਤੋਂ 7 ਘੰਟੇ ਦਾ ਸਫਰ ਕਰਨਾ ਪੈ ਰਿਹਾ ਹੈ।