ਭਗਵਾਨ ਦਾਸ ਗਰਗ
ਨਥਾਣਾ, 14 ਜੂਨ
ਪਿੰਡ ਬੱਜੋਆਣਾ ਦੀ ਪੰਚਾਇਤ ਨੇ ਨਾਜਾਇਜ਼ ਕਬਜ਼ਿਆਂ ਕਾਰਨ 60 ਸਾਲ ਤੋਂ ਬੰਦ ਪਿਆ ਰਸਤਾ ਖੁਲ੍ਹਵਾ ਕੇ ਆਮ ਲੋਕਾਂ ਨੂੰ ਆਵਾਜਾਈ ਤੋਂ ਰਾਹਤ ਦਿੱਤੀ। ਜਾਣਕਾਰੀ ਮੁਤਾਬਕ ਪਿੰਡ ਬੱਜੋਆਣਾ ਦੀ ਪੰਚਾਇਤ ਇਸ ਵਾਰ ਸਰਬਸੰਮਤੀ ਨਾਲ ਚੁਣੀ ਗਈ ਸੀ। ਸਰਪੰਚ ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਚੋਣਾਂ ਸਮੇਂ ਇਹ ਰਸਤਾ ਖੁਲ੍ਹਵਾਉਣ ਦਾ ਵਾਅਦਾ ਕੀਤਾ ਸੀ। ਕਲਿਆਣ ਸੁੱਖਾ ਗਰਿੱਡ ਦੇ ਸਾਹਮਣੇ ਬੱਜੋਆਣਾ ਨੂੰ ਜਾਣ ਵਾਲੇ ਰਸਤੇ ਦਾ ਵਿਚਕਾਰਲਾ ਹਿੱਸਾ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਬੰਦ ਕੀਤਾ ਹੋਇਆ ਸੀ। ਮਾਲ ਵਿਭਾਗ ਤੋਂ ਨਿਸ਼ਾਨਦੇਹੀ ਕਰਵਾ ਕੇ ਇਹ ਰਸਤਾ ਲੋਕਾਂ ਦੀ ਸਹਿਮਤੀ ਨਾਲ ਚਾਲੂ ਕਰਵਾਇਆ ਗਿਆ। ਯੂਥ ਕਾਂਗਰਸ ਦੇ ਵਿਧਾਨ ਸਭਾ ਹਲਕਾ ਪ੍ਰਧਾਨ ਸ੍ਰੀ ਜੱਸ ਬੱਜੋਆਣਾ ਨੇ ਦੱਸਿਆ ਕਿ ਪਿੰਡ ਦੇ ਛੱਪੜਾਂ ਦੇ ਗੰਦੇ ਪਾਣੀ ਦੀ ਪਾਈਪ ਲਾਈਨ ਪਾ ਕੇ ਨਿਕਾਸੀ ਕਰਵਾਈ ਜਾ ਚੁੱਕੀ ਹੈ। ਗਲੀਆਂ ਦਾ ਕੰਮ ਚੱਲ ਰਿਹਾ ਹੈ। ਉਕਤ ਰਸਤੇ ਨੂੰ ਚਾਲੂ ਕਰਵਾਉਣ ਸਮੇਂ ਜਸਵੀਰ ਸਿੰਘ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਗੁੱਡ, ਗੁਰਮੇਲ ਸਿੰਘ (ਸਾਰੇ ਪੰਚ), ਬਾਬੂ ਸਿੰਘ ਪ੍ਰਧਾਨ ਸੀਤਪਾਲ ਸਿੰਘ ਅਤੇ ਜਸਕਰਨ ਸਿੰਘ ਹਾਜ਼ਰ ਸਨ।