ਪਰਮਜੀਤ ਸਿੰਘ
ਫਾਜ਼ਿਲਕਾ, 7 ਜੁਲਾਈ
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੀ ਜ਼ਮੀਨ ’ਤੇ ਨਾਜਾਇਜ਼ ਰੂਪ ਵਿੱਚ ਕੀਤੇ ਕਬਜ਼ੇ ਨੂੰ ਛੁਡਾਉਣ ਲਈ ਚੱਲੀ ਮੁਹਿੰਮ ਤਹਿਤ ਗਰਾਮ ਪੰਚਾਇਤ ਸਪਾਂਵਾਲੀ ਬਲਾਕ ਖੂਈਆਂ ਸਰਵਰ ਦੀ 27 ਕਨਾਲ 2 ਮਰਲੇ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾ ਕੇ ਗਰਾਮ ਪੰਚਾਇਤ ਨੂੰ ਦਿਵਾਇਆ ਗਿਆ। ਇਸ ਮੌਕੇ ਜਸਵੰਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖੂਈਆਂ ਸਰਵਰ ਅਤੇ ਅਵਿਨਾਸ਼ ਚੰਦਰ ਨਾਇਬ ਤਹਿਸੀਲਦਾਰ ਖੂਈਆਂ ਸਰਵਰ, ਐੱਸਐੱਚਓ ਇੰਦਰਜੀਤ ਕੌਰ ਪੁਲੀਸ ਫੋਰਸ ਸਮੇਤ ਹਾਜ਼ਰ ਸਨ। ਇਸ ਮੌਕੇ ਪਿੰਡ ਵਾਸੀ ਵੀ ਹਾਜ਼ਰ ਸਨ। ਕਾਰਵਾਈ ਵੇਲੇ ਨਾਜਾਇਜ਼ ਕਾਬਜ਼ਕਾਰਾਂ ਨੇ ਸਾਰੀ ਜ਼ਮੀਨ ’ਤੇ ਨਰਸਰੀ ਅਤੇ ਕਿੰਨੂਆਂ ਦੇ ਬਾਗ ਦੀ ਕਾਸ਼ਤ ਕੀਤੀ ਹੋਈ ਸੀ। ਇਸ ਕੇਸ ਦਾ ਫੈਸਲਾ 4 ਨਵੰਬਰ 2020 ਵਿੱਚ ਹੋਇਆ ਸੀ ਅਤੇ ਪਹਿਲੇ ਦਖਲ ਵਾਰੰਟ 29 ਅਪਰੈਲ 2022 ਨੂੰ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਪਹਿਲੇ ਦਖਲ ਵਾਰੰਟ ’ਤੇ ਹੀ ਪ੍ਰਸ਼ਾਸਨਿਕ ਅਧਿਕਿਾਰੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਕਾਰਵਾਈ ਮੁਕੰਮਲ ਕਰ ਲਈ ਗਈ ਹੈ।
ਇਸ ਮੌਕੇ ਪੰਚਾਇਤ, ਸਰਪੰਚ ਬਲਰਾਮ, ਪਿੰਡ ਵਾਸੀਆਨ ਅਤੇ ਹਰਮੀਤ ਸਿੰਘ ਪੰਚਾਇਤ ਅਫਸਰ, ਰਣਜੀਤ ਸਿੰਘ, ਸਮਿਤੀ ਪਟਵਾਰੀ ਅਤੇ ਲਾਲ ਬਹਾਦਰ ਸਿੰਘ, ਪੰਚਾਇਤ ਸਕੱਤਰ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਜੈ ਕੰਬੋਜ, ਚਰਨਜੀਤ ਸਰਾਂ ਮੌਜੂਦ ਸਨ।