ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਸਤੰਬਰ
ਇੱਥੇ ਐੱਸਡੀਐੱਮ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਰਿਸ਼ਤੇਦਾਰਾਂ ਭਿੜਨ ਅਤੇ ਔਰਤ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਦੋ ਧਿਰਾਂ ਵਿਚਾਲੇ ਜ਼ਬਾਨੀ-ਕਲਾਮੀ ਸ਼ੁਰੂ ਹੋਈ ਤਕਰਾਰ ਹਿੰਸਕ ਹੋ ਗਈ। ਸਿੱਟੇ ਵਜੋਂ ਤਕਰਾਰ ਕੁੱਟ ਮਾਰ ਤੱਕ ਜਾ ਪੁੱਜੀ। ਇਸ ਘਟਨਾ ਵਿੱਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ।
ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਵੀਡੀਓ ਕੁਝ ਦਿਨ ਪੁਰਾਣੀ ਹੈ ਅਤੇ ਕ੍ਰਿਸ਼ਨਾ ਦੇਵੀ ਨਾਮ ਦੀ ਔਰਤ ਨੇ ਐੱਸਡੀਐੱਮ ਅਦਾਲਤ ਵਿੱਚ ਆਪਣੇ ਪੁੱਤਰਾਂ ਖ਼ਿਲਾਫ਼ ਸੀਨੀਅਰ ਸਿਟੀਜ਼ਨ ਐਕਟ ਤਹਿਤ ਕੇਸ ਦਾਇਰ ਕੀਤਾ ਹੋਇਆ ਹੈ। ਬਜ਼ੁਰਗ ਔਰਤ ਨੇ ਆਪਣੇ ਪੁੱਤਰਾਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਘਰ ਤੋਂ ਬਾਹਰ ਕੱਢਣ ਦੇ ਦੋਸ਼ ਲਾਏ ਹਨ। ਐੱਸਡੀਐੱਮ ਅਦਾਲਤ ਨੇ ਬਜ਼ੁਰਗ ਔਰਤ ਦੇ ਦੋਵਾਂ ਪੁੱਤਰਾਂ ਨੂੰ ਤਲਬ ਕੀਤਾ ਗਿਆ ਸੀ। ਇਸ ਦੌਰਾਨ ਬਜ਼ੁਰਗ ਔਰਤ ਦੀ ਸਾਂਭ ਸੰਭਾਲ ਨਾ ਕਰਨ ਅਤੇ ਘਰੋਂ ਕੱਢਣ ਤੋਂ ਰੋਹ ’ਚ ਆਏ ਉਸਦੇ ਰਿਸ਼ਤੇਦਾਰਾਂ ਨੇ ਬਜ਼ੁਰਗ ਔਰਤ ਦੀ ਨੂੰਹ ਉੱਤੇ ਗੁੱਸਾ ਕੱਢਿਆ। ਇਸ ਘਟਨਾ ਮੌਕੇ ਜ਼ਿਲ੍ਹਾ ਸਕੱਤਰੇਤ ਅੰਦਰ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ ਅਤੇ ਐੱਸਐੱਸਪੀ ਦਫ਼ਤਰ ਹੋਣ ਕਰਕੇ ਪੁਲੀਸ ਦਾ ਪਹਿਰਾ ਹੁੰਦਾ ਹੈ।
ਡੀਐੱਸਪੀ ਨੇ ਦੱਸਿਆ ਕਿ ਪਰਿਵਾਰਕ ਝਗੜਾ ਹੋਣ ਕਰਕੇ ਦੋਵਾਂ ਧਿਰਾਂ ’ਚ ਪਹਿਲਾਂ ਹੀ ਰਾਜ਼ੀਨਾਮਾ ਹੋ ਚੁੱਕਾ ਹੈ ਅਤੇ ਉਹ ਹੁਣ ਵਾਇਰਲ ਵੀਡੀਓ ਅਧਾਰ ਉੱਤੇ ਜਾਂਚ ਲਈ ਦੋਵਾਂ ਧਿਰਾਂ ਨੂੰ ਤਲਬ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਬਜ਼ੁਰਗ ਔਰਤ ਦੇ ਪੁੱਤਰ ਵਿਕੀ ਨੇ ਕਿਹਾ ਕਿ ਉਨ੍ਹਾਂ ਦਾ ਆਪਣੀ ਮਾਂ ਨਾਲ ਝਗੜਾ ਚਲਦਾ ਹੈ। ਉਹ ਐੱਸਡੀਐੱਮ ਅਦਾਲਤ ’ਚ ਪੇਸ਼ੀ ਉੱਤੇ ਗਏ ਸਨ। ਉਨ੍ਹਾਂ ਉੱਤੇ ਉਸਦੀ ਮਾਂ ਦੇ ਰਿਸ਼ਤੇਦਾਰਾਂ ਨੇ ਸਾਜਿਸ਼ ਤਹਿਤ ਹਮਲਾ ਕਰਕੇ ਉਸਦੀ ਭਰਜਾਈ ਦੀ ਕੁੱਟਮਾਰ ਕੀਤੀ ਅਤੇ ਹੁਣ ਬਦਨਾਮ ਕਰਨ ਲਈ ਵੀਡੀਓ ਵਾਇਰਲ ਕਰ ਦਿੱਤੀ ਹੈ।